ਮਾਨਸਾ : ਸੀ. ਬੀ. ਆਈ. ਨਾਲ ਮੁਲਾਕਾਤ ਤੋਂ ਬਾਅਦ ਪਰਵਿੰਦਰ ਝੋਟੇ ਦੇ ਪੋਸਟਮਾਰਟਮ ਦੀਆਂ ਚੱਲ ਰਹੀਆਂ ਖਬਰਾਂ 'ਤੇ ਝੋਟੇ ਦੀ ਪਤਨੀ ਨਾ ਅਹਿਮ ਬਿਆਨ ਸਾਹਮਣੇ ਆਇਆ ਹੈ। ਮਨਪ੍ਰੀਤ ਕੌਰ ਨੇ ਆਖਿਆ ਹੈ ਕਿ ਜੇਕਰ ਪਰਿਵਾਰ ਪੋਸਟਮਾਰਟਮ ਵਰਗਾ ਕੋਈ ਫ਼ੈਸਲਾ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਸੰਗਤ ਨਾਲ ਗੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਨਾਲ ਮੁਲਾਕਾਤ ਕਰਨੀ ਵੀ ਜ਼ਰੂਰੀ ਹੈ। ਸਟੇਜ ਤੋਂ ਐਲਾਨ ਕਰਦਿਆਂ ਮਨਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਤੱਕ ਅਸੀਂ ਖੁਦ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਉਸ ਸੁਨੇਹੇ ਨੂੰ ਅੱਗੇ ਨਾ ਭੇਜਿਆ ਜਾਵੇ।
ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਿਛਲੇ 9 ਦਿਨਾਂ ਤੋਂ ਮੋਰਚਰੀ ਵਿਚ ਪਈ ਹੈ, ਮਾਹਿਰਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਕਰਵਾਉਣ ਦੀ ਵੀ ਇਕ ਮਿਆਦ ਹੁੰਦੀ ਹੈ ਜੇਕਰ ਉਹ ਲੰਘ ਗਈ ਤਾਂ ਸਬੂਤ ਮਿਟ ਜਾਣਗੇ ਜੇ ਸਬੂਤ ਮਿਟ ਗਏ ਤਾਂ ਅਸੀਂ ਕੀ ਕਰਾਂਗੇ। ਇਸ ਤੋਂ ਪਹਿਲਾਂ ਵੀ ਬਿਨਾਂ ਕਿਸੇ ਮੰਗ ਤੋਂ ਸਬੂਤ ਮਿਟਾਉਣ ਲਈ ਮੁਲਜ਼ਮ ਦੀ ਦੁਕਾਨ ਢਾਹ ਦਿੱਤੀ ਗਈ। ਉਸ ਦੁਕਾਨ ਵਿਚ ਵੱਡੇ ਸਬੂਤ ਸਨ ਪਰ ਉਨ੍ਹਾਂ ਦੀ ਮੰਗ ਤੋਂ ਬਿਨਾਂ ਹੀ ਦੁਕਾਨ ਢਾਹੁਣ ਦੀ ਕਾਰਵਾਈ ਕੀਤੀ ਗਈ, ਜੇਕਰ ਹੁਣ ਵੀ ਅਸੀਂ ਫੈਸਲਾ ਨਾ ਲਿਆ ਤਾਂ ਬਹੁਤ ਦੇਰ ਹੋ ਜਾਵੇਗੀ।
ਫਿਰ ਵੀ ਅਸੀਂ ਸਾਰੇ ਗੱਲ ਸੰਗਤ ਦੇ ਸਾਹਮਣੇ ਰੱਖੀ ਹੈ ਅਤੇ ਇਸ ਤੋਂ ਬਾਅਦ ਕਮੇਟੀ ਨਾਲ ਬੈਠ ਕੇ ਵਿਚਾਰ ਕੀਤਾ ਜਾਵੇਗਾ ਪਰ ਕਮੇਟੀ ਤੋਂ ਪਹਿਲਾਂ ਸੰਗਤ ਨਾਲ ਵਿਚਾਰ ਜ਼ਰੂਰੀ ਹੈ। ਸੰਗਤ ਅਤੇ ਪੰਗਤ ਨੂੰ ਗੁਰੂ ਸਾਹਿਬ ਨੇ ਪਹਿਲੇ ਸਥਾਨ 'ਤੇ ਰੱਖਿਆ ਸੀ, ਇਸੇ ਲਈ ਸਾਡੇ ਲਈ ਸੰਗਤ ਪਹਿਲਾਂ ਹੈ। ਉਨ੍ਹਾਂ ਸਾਫ ਕੀਤਾ ਕਿ ਅਜੇ ਤਕ ਪਰਿਵਾਰ ਨੇ ਪੋਸਟਮਾਰਟਮ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਅਸੀਂ ਇਹ ਜੰਗ ਜ਼ਰੂਰ ਜਿੱਤਾਂਗੇ ਪਰ ਸੰਗਤ ਦੀ ਸਹਿਯੋਗ ਤੇ ਸਹਿਮਤੀ ਨਾਲ ਹੀ।