ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਦੀ ਯੋਗ ਰਹਿਨੁਮਾਈ ਹੇਠ ਆਯੂਸ਼ਮਾਨ ਆਰੋਗਿਆ ਕੇਂਦਰ – ਸਬ ਹੈਲਥ ਸੈਂਟਰ, ਬਘੌਰਾਂ ਨੂੰ ਨੈਸ਼ਨਲ ਕੁਆਲਿਟੀ ਐਸੋਰੈਂਸ਼ ਸਟੈਂਡਰਡ (ਐੱਨ.ਕਿਊ.ਏ.ਐੱਸ.) ਅਧੀਨ “ਕੁਆਲਿਟੀ ਸਰਟੀਫਾਈਡ” ਦਾ ਦਰਜਾ ਪ੍ਰਾਪਤ ਹੋਇਆ ਹੈ। ਇਹ ਸਰਟੀਫਿਕੇਸ਼ਨ ਨੈਸ਼ਨਲ ਹੈਲਥ ਸਿਸਟਮਜ਼ ਰਿਸੋਰਸ ਸੈਂਟਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਵੱਲੋਂ ਕੀਤੀ ਗਈ ਵਰਚੁਅਲ ਅਸੈਸਮੈਂਟ ਤੋਂ ਬਾਅਦ ਪ੍ਰਦਾਨ ਕੀਤੀ ਗਈ ਹੈ।
ਆਯੂਸ਼ਮਾਨ ਆਰੋਗਿਆ ਕੇਂਦਰ – ਸਬ ਹੈਲਥ ਸੈਂਟਰ, ਬਘੌਰਾਂ ਦੀ ਅਸੈਸਮੈਂਟ 12 ਫਰਵਰੀ 2026 ਨੂੰ ਵਰਚੁਅਲ ਮੋਡ ਰਾਹੀਂ ਕੀਤੀ ਗਈ, ਜਿਸ ਦੌਰਾਨ ਕੇਂਦਰ ਨੇ ਆਪਣੀਆਂ ਸੇਵਾਵਾਂ ਦੀ ਕਾਰਗੁਜ਼ਾਰੀ ਪੇਸ਼ ਕੀਤੀ ਸੀ। ਕੇਂਦਰ ਨੂੰ ਕੁੱਲ 90.01 ਫੀਸਦੀ ਅੰਕ ਪ੍ਰਾਪਤ ਹੋਏ, ਜੋ ਕਿ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੀ ਪੁਸ਼ਟੀ ਕਰਦੇ ਹਨ। ਇਸ ਪ੍ਰਾਪਤੀ ਨਾਲ ਕੇਂਦਰ ਨੇ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਦੇ ਮਿਆਰ ਨੂੰ ਹੋਰ ਮਜ਼ਬੂਤ ਕੀਤਾ ਹੈ।
ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਇਸ ਮੌਕੇ 'ਤੇ ਕੇਂਦਰ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲੱਬਧੀ ਸਿਹਤ ਕਰਮਚਾਰੀਆਂ ਦੀ ਨਿਰੰਤਰ ਮਿਹਨਤ, ਸਮਰਪਣ ਅਤੇ ਟੀਮ ਵਰਕ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਹਰ ਨਾਗਰਿਕ ਨੂੰ ਨਜ਼ਦੀਕੀ ਪੱਧਰ 'ਤੇ ਗੁਣਵੱਤਾ ਯੁਕਤ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਆਯੂਸ਼ਮਾਨ ਆਰੋਗਿਆ ਕੇਂਦਰ – ਸਬ ਹੈਲਥ ਸੈਂਟਰ, ਬਘੌਰਾਂ ਨੇ ਇਸ ਦਿਸ਼ਾ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਨੈਸ਼ਨਲ ਕੁਆਲਿਟੀ ਐਸੋਰੈਂਸ਼ ਸਟੈਂਡਰਡ (ਐੱਨ.ਕਿਊ.ਏ.ਐੱਸ.) ਅਧੀਨ ਮੁਲਾਂਕਣ ਦੌਰਾਨ ਮਰੀਜ਼ ਸੁਰੱਖਿਆ, ਸਾਫ-ਸਫ਼ਾਈ, ਇੰਫੈਕਸ਼ਨ ਕੰਟਰੋਲ, ਦਵਾਈਆਂ ਦੀ ਉਪਲੱਬਧਤਾ, ਰਿਕਾਰਡ ਰੱਖ-ਰਖਾਅ, ਮਰੀਜ਼ ਸੰਤੁਸ਼ਟੀ ਅਤੇ ਪ੍ਰਬੰਧਕੀ ਪ੍ਰਣਾਲੀ ਵਰਗੇ ਮਾਪਦੰਡਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਂਦੀ ਹੈ। ਆਯੂਸ਼ਮਾਨ ਆਰੋਗਿਆ ਕੇਂਦਰ – ਸਬ ਹੈਲਥ ਸੈਂਟਰ, ਬਘੌਰਾਂ ਨੇ ਹਰ ਖੇਤਰ ਵਿੱਚ ਉੱਚ ਮਿਆਰ ਦਰਸਾਇਆ ਹੈ।
ਉਨ੍ਹਾਂ ਨੇ ਸਮੂਹ ਸਿਹਤ ਅਧਿਕਾਰੀਆਂ, ਸਮੂਹ ਸਟਾਫ਼, ਆਸ਼ਾ ਵਰਕਰਾਂ ਅਤੇ ਕਮਿਊਨਿਟੀ ਦੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ। ਇਸ ਉਪਲੱਬਧੀ ਨਾਲ ਇਲਾਕੇ ਦੇ ਲੋਕਾਂ ਵਿੱਚ ਸਰਕਾਰੀ ਸਿਹਤ ਸੇਵਾਵਾਂ ਪ੍ਰਤੀ ਭਰੋਸਾ ਹੋਰ ਵਧਿਆ ਹੈ।
ਇਸ ਸਬੰਧੀ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਕਿਹਾ ਕਿ ਕੇਂਦਰ ਵੱਲੋਂ ਜੱਚਾ-ਬੱਚਾ ਸਿਹਤ ਸੇਵਾਵਾਂ, ਟੀਕਾਕਰਨ, ਗੈਰ-ਸੰਚਾਰੀ ਬਿਮਾਰੀਆਂ ਦੀ ਸਕ੍ਰੀਨਿੰਗ, ਪਰਿਵਾਰ ਨਿਯੋਜਨ ਸੇਵਾਵਾਂ ਅਤੇ ਆਮ ਬਿਮਾਰੀਆਂ ਦਾ ਇਲਾਜ ਪ੍ਰਭਾਵਸ਼ਾਲੀ ਢੰਗ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਲੋਕਾਂ ਵਿੱਚ ਸਿਹਤ ਜਾਗਰੂਕਤਾ ਵਧਾਉਣ ਲਈ ਸਮੇਂ-ਸਮੇਂ 'ਤੇ ਕੈਂਪ ਅਤੇ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ।
ਜ਼ਿਲ੍ਹਾ ਕੁਆਲਿਟੀ ਅਸ਼ੋਰੈਂਸ ਟੀਮ ਵੱਲੋਂ ਵੀ ਕੇਂਦਰ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਕਿਹਾ ਗਿਆ ਕਿ ਭਵਿੱਖ ਵਿੱਚ ਵੀ ਸਿਫਾਰਸ਼ ਕੀਤੀਆਂ ਸੁਧਾਰਾਤਮਕ ਕਾਰਵਾਈਆਂ ਨੂੰ ਲਾਗੂ ਕਰਕੇ ਸੇਵਾਵਾਂ ਦੇ ਮਿਆਰ ਨੂੰ ਕਾਇਮ ਰੱਖਿਆ ਜਾਵੇਗਾ। ਐੱਨ.ਕਿਊ.ਏ.ਐੱਸ. ਸਰਟੀਫਿਕੇਸ਼ਨ ਮਿਲਣ ਤੋਂ ਬਾਅਦ ਵੀ ਨਿਰੰਤਰ ਨਿਗਰਾਨੀ ਅਤੇ ਸਰਵੀਲੈਂਸ ਆਡਿਟ ਕੀਤੇ ਜਾਣਗੇ ਤਾਂ ਜੋ ਗੁਣਵੱਤਾ ਵਿੱਚ ਕੋਈ ਕਮੀ ਨਾ ਆਵੇ।
ਅੰਤ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਦੇ ਹੋਰ ਸਿਹਤ ਕੇਂਦਰਾਂ ਨੂੰ ਵੀ ਇਸ ਪ੍ਰਾਪਤੀ ਤੋਂ ਪ੍ਰੇਰਣਾ ਲੈ ਕੇ ਐੱਨ.ਕਿਊ.ਏ.ਐੱਸ. ਸਰਟੀਫਿਕੇਸ਼ਨ ਲਈ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਜ਼ਿਲ੍ਹੇ ਭਰ ਵਿੱਚ ਗੁਣਵੱਤਾ ਯੁਕਤ ਸਿਹਤ ਸੇਵਾਵਾਂ ਦਾ ਵਿਸਥਾਰ ਹੋ ਸਕੇ।