ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਅੰਤਰ-ਰਾਜੀ ਸਾਈਬਰ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਸੋਸ਼ਲ ਮੀਡੀਆ ‘ਤੇ ਔਰਤਾਂ ਦਾ ਰੂਪ ਧਾਰ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ।
ਪੁਲਿਸ ਮੁਤਾਬਕ ਇਹ ਗਿਰੋਹ ਜਾਅਲੀ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਕੇ ਪੁਰਸ਼ਾਂ ਨਾਲ ਸੰਪਰਕ ਕਰਦਾ ਸੀ ਅਤੇ ਫਿਰ ਆਵਾਜ਼ ਬਦਲਣ ਵਾਲੇ ਸੌਫਟਵੇਅਰ ਦੀ ਮਦਦ ਨਾਲ ਔਰਤਾਂ ਵਾਂਗ ਗੱਲ ਕਰਦਾ ਸੀ। ਇਸ ਤੋਂ ਬਾਅਦ ਮੁਲਜ਼ਮ ਪੀੜਤਾਂ ਨੂੰ ਏਆਈ ਨਾਲ ਤਿਆਰ ਕੀਤੀਆਂ ਇਤਰਾਜ਼ਯੋਗ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਵਸੂਲਦੇ ਸਨ।
ਪੁਲਿਸ ਨੇ ਗਿਰੋਹ ਦੇ ਕਬਜ਼ੇ ਤੋਂ ₹3.49 ਲੱਖ ਨਕਦ, 500 ਅਮਰੀਕੀ ਡਾਲਰ, 29 ਮੋਬਾਈਲ ਫੋਨ, ਇੱਕ ਲੈਪਟਾਪ, ਇੱਕ ਟੈਬਲੇਟ, ਇੱਕ ਡੋਂਗਲ ਅਤੇ 38 ਖਾਲੀ ਮੋਬਾਈਲ ਫੋਨ ਬਾਕਸ ਬਰਾਮਦ ਕੀਤੇ ਹਨ।
ਇਸ ਮਾਮਲੇ ਸਬੰਧੀ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਗਿਰੋਹ ਨਾਲ ਜੁੜੇ ਹੋਰ ਸਾਥੀਆਂ ਅਤੇ ਸੰਭਾਵਿਤ ਪੀੜਤਾਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਨੇ ਕਿਹਾ ਹੈ ਕਿ ਸਾਈਬਰ ਅਪਰਾਧਾਂ ‘ਤੇ ਕਾਬੂ ਪਾਉਣ ਲਈ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਡਿਜੀਟਲ ਮਾਹੌਲ ਪ੍ਰਦਾਨ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।