ਵਾਸ਼ਿੰਗਟਨ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਅਗਲੇ 5 ਸਾਲਾਂ ਦੌਰਾਨ 1 ਲੱਖ ਅਮਰੀਕੀ ਨੌਜਵਾਨਾਂ ਨੂੰ ਐਕਸਚੇਂਜ ਪ੍ਰੋਗਰਾਮ ਅਤੇ ਪੜ੍ਹਾਈ ਲਈ ਚੀਨ ਆਉਣ ਦਾ ਸੱਦਾ ਦਿੱਤਾ ਜਾਵੇਗਾ। ਵ੍ਹਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਮੁਲਾਕਾਤ ਦੌਰਾਨ ਕੀਤਾ ਗਿਆ ਇਹ ਐਲਾਨ 2023 ਵਿੱਚ ਕੀਤੇ ਗਏ ਉਸੇ ਤਰ੍ਹਾਂ ਦੇ ਐਲਾਨ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਤਹਿਤ 50,000 ਅਮਰੀਕੀ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਅਤੇ ਉਸ ਟੀਚੇ ਨੂੰ ਸਮੇਂ ਤੋਂ ਪਹਿਲਾਂ ਹੀ ਹਾਸਲ ਕਰ ਲਿਆ ਗਿਆ।
ਸ਼ੀ ਜਿਨਪਿੰਗ ਨੇ ਕਿਹਾ,''ਚੀਨ-ਅਮਰੀਕਾ ਦੇ ਚੰਗੇ ਸਬੰਧਾਂ ਦੀ ਉਮੀਦ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਹੈ ਅਤੇ ਇਸ ਦਾ ਭਵਿੱਖ ਨੌਜਵਾਨਾਂ 'ਤੇ ਨਿਰਭਰ ਕਰਦਾ ਹੈ। ਮੈਨੂੰ ਆਉਣ ਵਾਲੇ ਪੰਜ ਸਾਲਾਂ ਵਿੱਚ ਐਕਸਚੇਂਜ ਅਤੇ ਪੜ੍ਹਾਈ ਲਈ ਚੀਨ ਆਉਣ ਲਈ 1,00,000 ਅਮਰੀਕੀ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਖੁਸ਼ੀ ਹੋ ਰਹੀ ਹੈ।" ਉਨ੍ਹਾਂ ਕਿਹਾ ਕਿ ਚੀਨ ਅਤੇ ਅਮਰੀਕਾ 'ਚੀਨੀ ਰਾਸ਼ਟਰ ਦੇ ਮਹਾਨ ਪੁਨਰ-ਉਥਾਨ' ਅਤੇ 'ਅਮਰੀਕਾ ਨੂੰ ਮੁੜ ਮਹਾਨ ਬਣਾਉਣ' ਦੇ ਮਕਸਦ ਨਾਲ ਅੱਗੇ ਵਧ ਸਕਦੇ ਹਨ। ਦੂਜੇ ਵਿਸ਼ਵ ਯੁੱਧ ਦੌਰਾਨ ਫ਼ਾਸ਼ੀਵਾਦੀ ਹਮਲੇ ਵਿਰੁੱਧ ਚੀਨੀ ਅਤੇ ਅਮਰੀਕੀ ਲੋਕਾਂ ਦੁਆਰਾ ਮੋਢੇ ਨਾਲ ਮੋਢਾ ਜੋੜ ਕੇ ਲੜੀ ਗਈ ਲੜਾਈ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕ ਇਸ ਇਤਿਹਾਸ ਨੂੰ ਕਦੇ ਨਹੀਂ ਭੁੱਲੇ ਹਨ।
'ਫ਼ਲਾਇੰਗ ਟਾਈਗਰਜ਼' ਅਤੇ 'ਗੰਗ ਹੋ' ਦਾ ਜ਼ਿਕਰ
ਇਸ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨੀ ਹਮਲੇ ਵਿਰੁੱਧ ਚੀਨ ਦੀ ਮਦਦ ਵਿੱਚ ਅਮਰੀਕਾ ਦੀ ਭੂਮਿਕਾ ਦਾ ਜ਼ਿਕਰ ਕੀਤਾ। ਟਰੰਪ ਨੇ ਸੁਰੱਖਿਆ, ਤਕਨਾਲੋਜੀ ਅਤੇ 'ਸੁਪਰ-ਇੰਟੈਲੀਜੈਂਸ' ਵਰਗੇ ਅਹਿਮ ਮੁੱਦਿਆਂ 'ਤੇ ਚਰਚਾ ਕਰਦਿਆਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਲਏ ਗਏ ਫ਼ੈਸਲੇ ਆਉਣ ਵਾਲੇ ਦਹਾਕਿਆਂ ਲਈ ਸ਼ਾਂਤੀ ਅਤੇ ਖ਼ੁਸ਼ਹਾਲੀ ਨੂੰ ਵਧਾਵਾ ਦੇ ਸਕਦੇ ਹਨ। ਉਨ੍ਹਾਂ 'ਫ਼ਲਾਇੰਗ ਟਾਈਗਰਜ਼' ਗਰੁੱਪ ਦੇ ਅਮਰੀਕੀ ਪਾਇਲਟਾਂ ਦੀ ਬਹਾਦਰੀ ਨੂੰ ਯਾਦ ਕੀਤਾ, ਜਿਨ੍ਹਾਂ ਨੇ ਚੀਨ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਇਸ ਤੋਂ ਇਲਾਵਾ ਟਰੰਪ ਨੇ ਦੱਸਿਆ ਕਿ ਅਮਰੀਕੀ ਮਰੀਨਜ਼ ਦੁਆਰਾ ਵਰਤਿਆ ਜਾਂਦਾ ਸ਼ਬਦ 'ਗੰਗ ਹੋ' ਵੀ ਚੀਨੀ ਭਾਸ਼ਾ ਤੋਂ ਪ੍ਰੇਰਿਤ ਹੈ, ਜਿਸ ਦਾ ਅਰਥ 'ਇੱਕਠੇ ਮਿਲ ਕੇ ਕੰਮ ਕਰਨਾ' ਹੈ। ਉਨ੍ਹਾਂ ਕਿਹਾ, "ਜੇਕਰ ਅਸੀਂ ਆਪਣੇ ਸਾਂਝੇ ਹਿੱਤਾਂ 'ਤੇ ਧਿਆਨ ਕੇਂਦਰਿਤ ਕਰਦੇ ਹਾਂ ਅਤੇ ਮੈਨੂੰ ਭਰੋਸਾ ਹੈ ਕਿ ਅਸੀਂ ਇਤਿਹਾਸ ਦੌਰਾਨ ਬਹੁਤ ਕੁਝ ਹਾਸਲ ਕਰ ਸਕਦੇ ਹਾਂ।"