ਡੇਰਾਬੱਸੀ : ਸਰਕਾਰੀ ਹਸਪਤਾਲ ’ਚ ਆਪਣਾ ਇਲਾਜ ਕਰਵਾਉਣ ਜਾ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਹੁਣ 'ਆਯੁਸ਼ਮਾਨ ਭਾਰਤ ਯੋਜਨਾ' ਦੇ ਤਹਿਤ ਆਭਾ ਐਪ ’ਤੇ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕੀਤਾ ਜਾ ਰਿਹਾ ਹੈ। ਬਿਨਾਂ ਆਭਾ ਐਪ ’ਤੇ ਰਜਿਸਟ੍ਰੇਸ਼ਨ ਦੇ ਸਰਕਾਰੀ ਹਸਪਤਾਲ ’ਚ ਪਰਚੀ ਬਣਵਾਉਣ ’ਚ ਦਿੱਕਤ ਆ ਸਕਦੀ ਹੈ ਅਤੇ ਮਰੀਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡੇਰਾਬੱਸੀ ਦੇ ਸਿਵਲ ਹਸਪਤਾਲ ’ਚ ਭਾਰਤ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਲੋਕਾਂ ਨੂੰ ਤੇਜ਼ੀ ਨਾਲ ਆਭਾ ਐਪ ਨਾਲ ਜੋੜਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਮਰੀਜ਼ ਨੂੰ ਇਲਾਜ ਕਰਵਾਉਣ ਤੋਂ ਪਹਿਲਾਂ ਆਭਾ ਐਪ ਨਾਲ ਰਜਿਸਟਰ ਹੋਣਾ ਜ਼ਰੂਰੀ ਹੈ।
ਇਹ ਪੂਰਾ ਪ੍ਰਕਿਰਿਆ ਲਗਭਗ 5 ਮਿੰਟ ’ਚ ਪੂਰੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਭਾ ਐਪ ਰਾਹੀਂ ਮਰੀਜ਼ ਘਰ ਬੈਠਿਆਂ ਹੀ ਹਸਪਤਾਲ ਜਾਣ ਤੋਂ ਕਰੀਬ ਇਕ ਘੰਟਾ ਪਹਿਲਾਂ ਆਪਣਾ ਟੋਕਨ ਬੁੱਕ ਕਰ ਸਕਦਾ ਹੈ, ਜਿਸ ਨਾਲ ਹਸਪਤਾਲ ’ਚ ਲੰਬੀਆਂ ਲਾਈਨਾਂ ’ਚ ਲੱਗਣ ਦੀ ਲੋੜ ਨਹੀਂ ਰਹਿੰਦੀ ਤੇ ਸਮੇਂ ਦੀ ਬਚਤ ਹੁੰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਭਾ ਐਪ ਨਾਲ ਮਰੀਜ਼ ਦੇ ਸਾਰੇ ਰੋਗਾਂ ਅਤੇ ਇਲਾਜ ਨਾਲ ਸਬੰਧਤ ਰਿਕਾਰਡ ਡਿਜ਼ੀਟਲ ਤੌਰ ’ਤੇ ਸੁਰੱਖਿਅਤ ਰਹਿੰਦੇ ਹਨ।
ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਫ਼ਾਈਲ ਜਾਂ ਦਸਤਾਵੇਜ਼ ਸੰਭਾਲ ਕੇ ਰੱਖਣ ਦੀ ਲੋੜ ਨਹੀਂ ਹੁੰਦੀ। ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾਣ ’ਤੇ ਵੀ ਕਿਸੇ ਵੀ ਸਰਕਾਰੀ ਹਸਪਤਾਲ ’ਚ ਇਸ ਐਪ ਦੇ ਜ਼ਰੀਏ ਇਲਾਜ ਸੰਭਵ ਹੈ। ਐੱਸ. ਐੱਮ. ਓ. ਨੇ ਦੱਸਿਆ ਕਿ ਡੇਰਾਬੱਸੀ ਖੇਤਰ ’ਚ ਲਗਭਗ 25 ਫ਼ੀਸਦੀ ਲੋਕ ਆਭਾ ਐਪ ’ਤੇ ਰਜਿਸਟਰ ਹੋ ਚੁੱਕੇ ਹਨ ਤੇ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਮੇਂ ’ਤੇ ਆਭਾ ਐਪ ਨਾਲ ਜੁੜਨ, ਤਾਂ ਜੋ ਭਵਿੱਖ ’ਚ ਇਲਾਜ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ।