ਨਵੀਂ ਦਿੱਲੀ : ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਭਵਿੱਖ ਦੀ ਰਣਨੀਤੀ 'ਤੇ ਚਰਚਾ ਕਰਨ ਲਈ ਵਿਰੋਧੀ ਗਠਜੋੜ 'ਇੰਡੀਆ' ਦੇ ਆਗੂਆਂ ਦੀ ਆਨਲਾਈਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਹ ਬੈਠਕ ਵੀਰਵਾਰ ਸ਼ਾਮ ਨੂੰ ਹੋਣੀ ਸੀ, ਜਿਸ 'ਚ 'ਵੋਟ ਚੋਰੀ' ਦੇ ਮੁੱਦੇ 'ਤੇ ਪ੍ਰਦਰਸ਼ਨਾਂ ਦੀ ਰੂਪਰੇਖਾ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਲਈ ਦਬਾਅ ਬਣਾਉਣ ਦੇ ਤਰੀਕਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੈਠਕ ਦੀ ਪ੍ਰਧਾਨਗੀ ਕਰਨੀ ਸੀ।
ਬੈਠਕ 'ਚ 1 ਨਵੰਬਰ ਨੂੰ ਦਿੱਲੀ 'ਚ ਹੋਣ ਵਾਲੀ 'ਇੰਡੀਆ' ਗਠਜੋੜ ਦੀ ਰੈਲੀ ਦੀਆਂ ਤਿਆਰੀਆਂ ਦੀ ਸਮੀਖਿਆ ਵੀ ਕੀਤੀ ਜਾਣੀ ਸੀ। ਸੂਤਰਾਂ ਅਨੁਸਾਰ, 'ਇੰਡੀਆ' ਗਠਜੋੜ ਦੇ ਆਗੂਆਂ ਨੇ ਵਿਰੋਧ ਪ੍ਰਦਰਸ਼ਨਾਂ ਦੀ ਰੂਪ-ਰੇਖਾ ਤਿਆਰ ਕਰਨ, 1 ਨਵੰਬਰ ਦੀ ਰੈਲੀ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਅਤੇ 'ਵੋਟ ਚੋਰੀ' ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੇ ਤਰੀਕਿਆਂ 'ਤੇ ਮੰਥਨ ਕਰਨਾ ਸੀ। ਸੂਤਰਾਂ ਨੇ ਦੱਸਿਆ ਕਿ ਕੁਝ ਵਿਰੋਧੀ ਆਗੂਆਂ ਦੇ ਰੁਝੇਵਿਆਂ ਕਾਰਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਗਠਜੋੜ ਦੀ ਅਗਲੀ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਮੀਟਿੰਗ ਅਜਿਹੇ ਸਮੇਂ ਪ੍ਰਸਤਾਵਿਤ ਕੀਤੀ ਗਈ ਸੀ, ਜਦੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸਰਕਾਰ ਹੱਦਬੰਦੀ ਨਾਲ ਸਬੰਧਤ ਸੰਵਿਧਾਨਕ ਸੋਧ ਬਿੱਲ ਪਾਸ ਕਰਨ ਅਤੇ ਮਹਿਲਾ ਰਿਜ਼ਰਵੇਸ਼ਨ ਐਕਟ ਨੂੰ ਲਾਗੂ ਕਰਨ 'ਚ ਤੇਜ਼ੀ ਲਿਆਉਣ ਲਈ ਸੰਸਦ ਦਾ ਸੈਸ਼ਨ ਬੁਲਾਏਗੀ। ਵਿਰੋਧੀ ਪਾਰਟੀਆਂ ਲਗਾਤਾਰ ਕਥਿਤ "ਵੋਟ ਚੋਰੀ" ਦਾ ਮੁੱਦਾ ਚੁੱਕ ਰਹੀਆਂ ਹਨ। ਪਿਛਲੇ ਹਫ਼ਤੇ, ਵਿਰੋਧੀ ਆਗੂਆਂ ਨੇ ਇਸ ਮੁੱਦੇ 'ਤੇ ਸੁਪਰੀਮ ਕੋਰਟ ਤੱਕ ਮਾਰਚ ਕੀਤਾ। ਇਸ ਤੋਂ ਪਹਿਲਾਂ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 13 ਅਕਤੂਬਰ ਨੂੰ 'ਇੰਡੀਆ' ਗਠਜੋੜ ਦੇ ਆਗੂਆਂ ਨੂੰ ਚਾਹ ਲਈ ਆਪਣੇ ਨਿਵਾਸ ਸਥਾਨ 'ਤੇ ਸੱਦਾ ਦਿੱਤਾ ਸੀ। ਉਸ ਮੀਟਿੰਗ ਤੋਂ ਬਾਅਦ ਵਿਰੋਧੀ ਗਠਜੋੜ ਨੇ ਕਥਿਤ 'ਵੋਟ ਚੋਰੀ' ਵਿਰੁੱਧ ਆਪਣਾ ਵਿਰੋਧ ਜਾਰੀ ਰੱਖਣ ਅਤੇ ਲੜਾਈ ਨੂੰ ਇਸ ਦੇ ਤਰਕਪੂਰਨ ਸਿੱਟੇ 'ਤੇ ਲਿਜਾਣ ਦਾ ਸੰਕਲਪ ਲਿਆ ਸੀ।