ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਰਾਸ਼ਟਰੀ ਰਾਜਧਾਨੀ ’ਚ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਦੌਰਾਨ ਗਿਣਤੀ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਵੋਟਰ ਸੂਚੀਆਂ ਤੋਂ ਬਾਹਰ ਰਹਿ ਗਏ ਵੋਟਰ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਫਾਰਮ 6 ਦਾਖਲ ਕਰ ਸਕਦੇ ਹਨ। ਅਦਾਲਤ 2 ਪਟੀਸ਼ਨਰਾਂ ਨੂੰ ਵੋਟਰ ਸੂਚੀ ’ਚ ਦੁਬਾਰਾ ਸ਼ਾਮਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ।
ਅਦਾਲਤ ਨੇ ਇਹ ਕਹਿੰਦੇ ਹੋਏ ਪਟੀਸ਼ਨ ’ਤੇ ਸੁਣਵਾਈ ਬੰਦ ਕਰ ਦਿੱਤੀ ਕਿ ਪਟੀਸ਼ਨਕਰਤਾਵਾਂ ਦਾ ਇਹ ਖਦਸ਼ਾ ਕਿ ਜੇ ਉਨ੍ਹਾਂ ਨੇ ਫਾਰਮ 6 ਦਾਖਲ ਕੀਤਾ ਤਾਂ ਉਨ੍ਹਾਂ ’ਤੇ ਗਲਤ ਐਲਾਨ ਕਰਨ ਦਾ ਦੋਸ਼ ਲਾਇਆ ਜਾਵੇਗਾ, ਠੀਕ ਨਹੀਂ ਹੈ। ਫਾਰਮ 6 ਵੋਟਰ ਸੂਚੀ ’ਚ ਨਵੇਂ ਸਿਰੇ ਤੋਂ ਨਾਂ ਸ਼ਾਮਲ ਕਰਨ ਲਈ ਨਿਰਧਾਰਤ ਅਰਜ਼ੀ ਹੈ। ਬਿਨੈਕਾਰ ਨੂੰ ਆਪਣੀ ਨਿੱਜੀ ਜਾਣਕਾਰੀ ਦੇ ਵੇਰਵੇ ਪ੍ਰਦਾਨ ਕਰਨੇ ਚਾਹੀਦੇ ਹਨ। ਬਿਨੈਕਾਰਾਂ ਨੂੰ ਇਹ ਵੀ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਪਹਿਲੀ ਵਾਰ ਵੋਟਰ ਸੂਚੀ ’ਚ ਸ਼ਾਮਲ ਹੋਣ ਲਈ ਅਰਜ਼ੀ ਦੇ ਰਹੇ ਹਨ। ਗਲਤ ਐਲਾਨ ਕਰਨ ਨਾਲ ਸਜ਼ਾਯੋਗ ਕਾਰਵਾਈ ਹੋ ਸਕਦੀ ਹੈ।