ਨਵਾਂਸ਼ਹਿਰ : ਅੰਤਰਰਾਸ਼ਟਰੀ ਮਾਸਟਰ ਖੇਡ ਸੰਸਥਾ (ਆਈ. ਐੱਮ. ਜੀ. ਏ.) ਦੀ ਸਰਪ੍ਰਸਤੀ ਹੇਠ ਹੋਈਆਂ ਅਬੂ ਧਾਬੀ ਵਿਖੇ ਓਪਨ ਮਾਸਟਰ ਗੇਮਜ਼ ਵਿੱਚ 40 ਤੋਂ ਵੱਧ ਖੇਡਾਂ ਵਿੱਚ ਵਿਸ਼ਵ ਭਰ ਦੇ 30 ਸਾਲ ਤੋਂ 100 ਸਾਲ ਤੱਕ ਉਮਰ ਵਰਗਾਂ ਦੇ 25 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਬਹੁਤ ਸਾਰੇ ਭਾਰਤੀਆਂ ਸਮੇਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਗੁਲਪੁਰ ਦੇ ਜੰਮਪਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਸਨੀਕ ਗੁਰਸਿੱਖ ਵਿੰਗ ਕਮਾਂਡਰ ਕੁਲਦੀਪ ਸਿੰਘ ਝੱਜ ਨੇ ਵੀ ਹਿੱਸਾ ਲਿਆ।
ਇਨ੍ਹਾਂ ਖੇਡਾਂ ਵਿੱਚ ਹੋਏ ਅਥਲੈਟਿਕਸ ਮੁਕਾਬਲਿਆਂ ਵਿੱਚ ਕੁਲਦੀਪ ਸਿੰਘ ਝੱਜ ਗੁਲਪੁਰ ਨੇ 75 ਪਲੱਸ ਉਮਰ ਵਰਗ ਵਿੱਚ 400 ਮੀਟਰ ਤੇ 4×100 ਮੀਟਰ ਰਿਲੇ ਅਤੇ 10 ਕਿਲੋਮੀਟਰ ਰੋਡ ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਤਿੰਨ ਗੋਲਡ ਮੈਡਲ ਪ੍ਰਾਪਤ ਕੀਤੇ। 1500 ਮੀਟਰ ਵਿੱਚ ਉਹਨਾਂ ਦੂਸਰੇ ਸਥਾਨ 'ਤੇ ਰਹਿੰਦਿਆਂ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਦੱਸਣਯੋਗ ਹੈ ਕਿ ਪਿਛਲੇ ਸਾਲ ਮਈ ਵਿੱਚ ਤਪਈ ਚੀਨ ਵਿੱਚ ਹੋਈਆਂ ਵਿਸ਼ਵ ਮਾਸਟਰ ਗੇਮਜ਼ ਵਿੱਚ ਵੀ ਕਮਾਂਡਰ ਕੁਲਦੀਪ ਸਿੰਘ ਝੱਜ ਨੇ 800 ਮੀਟਰ ਤੇ 10 ਕਿਲੋਮੀਟਰ ਦੀ ਰੋਡ ਰੇਸ ਵਿੱਚ ਤੀਜੇ ਨੰਬਰ 'ਤੇ ਰਹਿ ਕੇ ਕਾਂਸੀ ਦੇ ਤਗਮੇ ਜਿੱਤੇ ਸਨ, ਜਦੋਂਕਿ 1500 ਮੀਟਰ ਵਿੱਚ ਉਹ ਚੌਥੇ ਦਰਜੇ 'ਤੇ ਰਹੇ ਸਨ। ਪ੍ਰੈਸ ਨੂੰ ਇਹ ਜਾਣਕਾਰੀ ਹਰਦੀਪ ਕਲਮ ਨੇ ਦਿੱਤੀ।