ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਭਾਰਤ ਦੀ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ, ਦੂਰਦਰਸ਼ੀ ਅਤੇ ਮਜ਼ਬੂਤ ਅਗਵਾਈ ਦਾ ਨਤੀਜਾ ਕਰਾਰ ਦਿੰਦਿਆਂ ਕਿਹਾ ਕਿ ਅੱਜ ਜਦੋਂ ਦੁਨੀਆ ਦੇ ਕਈ ਦੇਸ਼ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਉਸ ਸਮੇਂ ਭਾਰਤ ਲਗਾਤਾਰ ਤੇਜ਼ ਆਰਥਿਕ ਵਿਕਾਸ ਦੀ ਰਾਹ 'ਤੇ ਅੱਗੇ ਵੱਧ ਰਿਹਾ ਹੈ।ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਹਿਲੀ ਤਿਮਾਹੀ ਵਿੱਚ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ 7.8 ਫ਼ੀਸਦੀ ਰਹਿਣਾ ਦੇਸ਼ ਦੀ ਮਜ਼ਬੂਤ ਅਤੇ ਗਤੀਸ਼ੀਲ ਅਰਥ ਵਿਵਸਥਾ ਦਾ ਸਪੱਸ਼ਟ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਪ੍ਰਮੁੱਖ ਅਰਥ ਵਿਵਸਥਾਵਾਂ ਦੇ ਮੁਕਾਬਲੇ ਭਾਰਤ ਦੀ ਵਿਕਾਸ ਦਰ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਹੁਣ ਵਿਸ਼ਵ ਆਰਥਿਕ ਵਿਕਾਸ ਦੇ ਮੁੱਖ ਇੰਜਣਾਂ ਵਿੱਚੋਂ ਇੱਕ ਬਣ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਈ. ਟੀ. ਅਤੇ ਵਿੱਤੀ ਖੇਤਰ ਵਿੱਚ 12.1 ਫ਼ੀਸਦੀ, ਮੈਨੂਫੈਕਚਰਿੰਗ ਵਿੱਚ 9.2 ਫ਼ੀਸਦੀ ਅਤੇ ਨਿਵੇਸ਼ ਤੇ ਬੁਨਿਆਦੀ ਢਾਂਚੇ ਵਿੱਚ 11.9 ਫ਼ੀਸਦੀ ਦਾ ਵਾਧਾ ਮੋਦੀ ਸਰਕਾਰ ਦੀਆਂ ਉਦਯੋਗ, ਨਿਵੇਸ਼ ਅਤੇ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਦੀ ਸਫਲਤਾ ਨੂੰ ਦਰਸਾਉਂਦਾ ਹੈ। ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਘਰੇਲੂ ਖ਼ਪਤ ਵਿੱਚ 7.1 ਫ਼ੀਸਦੀ ਅਤੇ ਨਿਰਯਾਤ ਵਿੱਚ 12 ਫ਼ੀਸਦੀ ਦਾ ਵਾਧਾ ਭਾਰਤ ਦੀ ਅੰਦਰੂਨੀ ਆਰਥਿਕ ਤਾਕਤ ਅਤੇ ਵਿਸ਼ਵ ਬਾਜ਼ਾਰ ਵਿੱਚ ਭਾਰਤ ਦੀ ਵਧ ਰਹੀ ਭੂਮਿਕਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਹੁਣ ਸਿਰਫ਼ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਰਹੀ, ਸਗੋਂ ਵਿਸ਼ਵ ਪੱਧਰ 'ਤੇ ਆਪਣੀ ਆਰਥਿਕ ਤਾਕਤ ਦਾ ਪ੍ਰਭਾਵ ਵੀ ਵਧਾ ਰਹੀ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵਿਕਸਤ ਭਾਰਤ 2047’ ਦਾ ਜੋ ਸੰਕਲਪ ਦੇਸ਼ ਦੇ ਸਾਹਮਣੇ ਰੱਖਿਆ ਹੈ, ਉਸ ਵੱਲ ਭਾਰਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਬੂਤ ਅਰਥ ਵਿਵਸਥਾ, ਆਧੁਨਿਕ ਬੁਨਿਆਦੀ ਢਾਂਚਾ, ਵਧਦਾ ਉਦਯੋਗਿਕ ਉਤਪਾਦਨ, ਡਿਜੀਟਲ ਕ੍ਰਾਂਤੀ ਅਤੇ ਨੌਜਵਾਨਾਂ ਲਈ ਵਧ ਰਹੇ ਮੌਕੇ ਇਸ ਵਿਕਾਸ ਯਾਤਰਾ ਦੇ ਮਹੱਤਵਪੂਰਨ ਆਧਾਰ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਅਗਵਾਈ ਹੇਠ ਭਾਰਤ ਦਾ ਆਤਮਵਿਸ਼ਵਾਸ ਅਤੇ ਵਿਸ਼ਵ ਪੱਧਰ 'ਤੇ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਭਾਰਤ ਦੀ ਤੇਜ਼ ਆਰਥਿਕ ਤਰੱਕੀ ਇਹ ਸਾਬਤ ਕਰ ਰਹੀ ਹੈ ਕਿ ਸਹੀ ਨੀਤੀਆਂ, ਮਜ਼ਬੂਤ ਲੀਡਰਸ਼ਿਪ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਭਾਰਤ 2047 ਤੱਕ ਇੱਕ ਪੂਰੀ ਤਰ੍ਹਾਂ ਵਿਕਸਤ ਅਤੇ ਆਤਮਨਿਰਭਰ ਰਾਸ਼ਟਰ ਬਣਨ ਦਾ ਟੀਚਾ ਹਾਸਲ ਕਰ ਸਕਦਾ ਹੈ।