ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਨਾਲ ਜੋੜਨਾ, ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਖ਼ਿਲਾਫ਼ ਇਕਜੁੱਟ ਕਰਨਾ ਅਤੇ ਆਤਮਨਿਰਭਰਤਾ ਦੇ ਪ੍ਰਤੀ ਜਾਗਰੂਕ ਕਰਨਾ ਜ਼ਰੂਰੀ ਹੈ। ਪੀਐੱਮ ਮੋਦੀ ਅੱਜ ਇੱਥੇ ਚਿਨਮਯ ਅੰਮ੍ਰਿਤ ਮਹਾਉਤਸਵ ਗਲੋਬਲ ਸੰਮੇਲਨ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਚਿਨਮਯ ਮਿਸ਼ਨ ਨਾਲ ਵਿਕਸਿਤ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਉਣ 'ਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਵਾਮੀ ਚਿਨਮਯਾਨੰਦ ਜੀ ਦਾ ਮੁੱਖ ਵਿਚਾਰ ਯੁਵਾ ਸ਼ਕਤੀ ਦੇ ਨਿਰਮਾਣ ਰਾਹੀਂ ਮਜ਼ਬੂਤ ਭਾਰਤ ਬਣਾਉਣਾ ਸੀ।
ਚਿਨਮਯ ਮਿਸ਼ਨ ਦੇ ਯੁਵਾ ਵਰਕਰਾਂ ਨੇ ਲਗਭਗ 300 ਦਿਨਾਂ 'ਚ 40,000 ਕਿਲੋਮੀਟਰ ਦੀ ਯਾਤਰਾ ਕਰ ਕੇ ਇਕ ਲੱਖ ਤੋਂ ਵੱਧ ਨੌਜਵਾਨਾਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ 2047 ਭਾਰਤ ਦੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਮਨਾਏਗਾ ਅਤੇ ਇਸੇ ਸਮੇਂ ਦੌਰਾਨ, ਚਿਨਮਯ ਮਿਸ਼ਨ ਵੀ ਆਪਣੀ ਸ਼ਤਾਬਦੀ ਮਨਾਏਗਾ। ਅਜਿਹੇ 'ਚ ਵਿਕਸਿਤ ਭਾਰਤ ਅਤੇ ਚਿਨਮਯ ਮਿਸ਼ਨ ਦੀ ਯਾਤਰਾ ਨੂੰ ਇਕੱਠੇ ਅੱਗੇ ਵਧਣਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਮਿਸ਼ਨ ਦੇ ਸੰਤ, ਆਚਾਰੀਆ, ਸਾਧਕ ਅਤੇ ਵਰਕਰ ਇਕ ਵਿਕਸਿਤ ਭਾਰਤ ਦੇ ਨਿਰਮਾਣ 'ਚ ਮੁੱਖ ਭੂਮਿਕਾ ਨਿਭਾਉਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਚਿਨਮਯਾਨੰਦ ਜੀ ਨੇ ਭਾਰਤੀ ਗਿਆਨ, ਸੱਭਿਆਚਾਰ ਅਤੇ ਵਿਰਾਸਤ ਨੂੰ ਜਨਤਾ ਤੱਕ ਪਹੁੰਚਾਉਣ ਲਈ ਕੰਮ ਕੀਤਾ। ਚਿਨਮਯ ਮਿਸ਼ਨ ਦੇ 100 ਤੋਂ ਵੱਧ ਵਿਦਿਅਕ ਅਦਾਰੇ ਬੱਚਿਆਂ ਅਤੇ ਨੌਜਵਾਨਾਂ ਨੂੰ ਭਾਰਤੀ ਕਦਰਾਂ-ਕੀਮਤਾਂ ਦੇ ਨਾਲ-ਨਾਲ ਆਧੁਨਿਕ ਸਿੱਖਿਆ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਵਾਮੀ ਜੀ ਨੇ ਅਧਿਆਤਮਿਕ ਤਰੱਕੀ ਨੂੰ ਨਿੱਜੀ ਵਿਕਾਸ ਨਾਲ ਅਤੇ ਨਿੱਜੀ ਵਿਕਾਸ ਨੂੰ ਰਾਸ਼ਟਰੀ ਤਰੱਕੀ ਨਾਲ ਜੋੜਨਾ ਸਿਖਾਇਆ। ਪੀਐੱਮ ਮੋਦੀ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਭਾਰਤੀ ਗਿਆਨ ਪਰੰਪਰਾ, ਮਾਤ ਭਾਸ਼ਾ 'ਚ ਸਿੱਖਿਆ, ਆਧੁਨਿਕ ਵਿਗਿਆਨ ਅਤੇ ਨਵੀਂ ਤਕਨਾਲੋਜੀ 'ਤੇ ਜ਼ੋਰ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਅਤੇ ਇਸ 'ਚ ਮਾਣ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਕਾਸ਼ੀ ਵਿਸ਼ਵਨਾਥ ਧਾਮ, ਅਯੁੱਧਿਆ 'ਚ ਰਾਮ ਮੰਦਰ ਅਤੇ ਉਜੈਨ 'ਚ ਮਹਾਕਾਲ ਮਹਾਲੋਕ ਵਰਗੇ ਕੇਂਦਰਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਭਾਰਤ ਦੇ ਸੱਭਿਆਚਾਰਕ ਕੇਂਦਰਾਂ ਪੁਨਰਜਾਗਰਣ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ 'ਚ ਵਿਦੇਸ਼ਾਂ 'ਚ ਚੋਰੀ ਕਰ ਕੇ ਲਿਜਾਈਆਂ ਗਈਆਂ 650 ਤੋਂ ਵੱਧ ਪ੍ਰਾਚੀਨ ਮੂਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਵੱਖ-ਵੱਖ ਸੰਸਥਾਵਾਂ ਦੇ ਉਦੇਸ਼ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਦੇਸ਼ ਦਾ ਵਿਕਾਸ ਅਤੇ ਸ਼ਾਨ ਸਾਰਿਆਂ ਲਈ ਸਾਂਝਾ ਟੀਚਾ ਹੈ। ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਸਾਰਿਆਂ ਨੂੰ ਮਿਲ ਕੇ ਅੱਗੇ ਵਧਣਾ ਪਵੇਗਾ।