ਖਰੜ (ਪ੍ਰੀਤ ਪੱਤੀ) : ਲਾਇਨਜ਼ ਕਲੱਬ ਖਰੜ ਵੱਲੋਂ ਅੱਜ ਕਲੱਬ ਪ੍ਰਧਾਨ ਲਾਇਨ ਰਵੀ ਕਾਂਤ ਗੁਪਤਾ ਦੀ ਪ੍ਰਧਾਨਗੀ ਹੇਠ ਸਰਕਾਰੀ ਮਿਡਲ ਸਕੂਲ ਖਾਨਪੁਰ, ਖਰੜ ਵਿਖੇ ਅਧਿਆਪਕ ਦਿਵਸ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਕੇਲੇ ਅਤੇ ਬਿਸਕੁਟ ਵੰਡੇ ਗਏ।
ਕਲੱਬ ਦੇ ਸਕੱਤਰ ਐਮਜੇਐਫ ਲਾਇਨ ਰਾਕੇਸ਼ ਗੁਪਤਾ ਨੇ ਵੀ ਦੱਸਿਆ ਕਿ ਅਧਿਆਪਕ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਨੀਂਹ ਰੱਖਦੇ ਹਨ। ਇਸੇ ਭਾਵਨਾ ਤਹਿਤ ਕਲੱਬ ਵੱਲੋਂ ਸਮਰਪਿਤ ਅਤੇ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਕੁਰਾਲੀ ਦੀ ਬਾਇਓਲੋਜੀ ਲੈਕਚਰਾਰ ਸਤਵਿੰਦਰ ਕੌਰ ਨੂੰ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰੀਖਿਆ ਨਤੀਜਿਆਂ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਬਾਰ੍ਹਵੀਂ ਜਮਾਤ ਦੇ ਦੋ ਵਿਦਿਆਰਥੀਆਂ ਵੱਲੋਂ ਸਟੇਟ ਮੈਰਿਟ ਲਿਸਟ ਵਿੱਚ ਸਥਾਨ ਹਾਸਲ ਕਰਨ ਦੀ ਵੱਡੀ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਸਰਕਾਰੀ ਮਿਡਲ ਸਕੂਲ ਖਾਨਪੁਰ, ਖਰੜ ਦੀ ਪੰਜਾਬੀ ਮਿਸਟ੍ਰੈੱਸ ਤੇਜਿੰਦਰ ਪਾਲ ਕੌਰ, ਸਾਇੰਸ ਮਿਸਟ੍ਰੈੱਸ ਆਕਾਸ਼ਦੀਪ ਕੌਰ ਅਤੇ ਇੰਗਲਿਸ਼ ਮਿਸਟ੍ਰੈੱਸ ਰਵਨੀਤ ਕੌਰ ਨੂੰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ, ਸਮਰਪਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਅਧਿਆਪਕ ਦਿਵਸ ਦੀ ਖੁਸ਼ੀ ਵਿਦਿਆਰਥੀਆਂ ਨਾਲ ਸਾਂਝੀ ਕਰਦਿਆਂ ਲਾਇਨਜ਼ ਕਲੱਬ ਖਰੜ ਵੱਲੋਂ ਸਕੂਲ ਦੇ ਬੱਚਿਆਂ ਨੂੰ ਕੇਲੇ ਅਤੇ ਬਿਸਕੁਟ ਵੀ ਵੰਡੇ ਗਏ।
ਇਸ ਮੌਕੇ ਕਲੱਬ ਦੇ ਮੈਂਬਰ ਅਤੇ ਸਾਬਕਾ ਡਿਸਟ੍ਰਿਕਟ ਗਵਰਨਰ ਐਮਜੇਐਫ ਲਾਇਨ ਪ੍ਰੀਤ ਕੰਵਲ ਸਿੰਘ, ਜ਼ੋਨ ਚੇਅਰਪਰਸਨ ਐਮਜੇਐਫ ਲਾਇਨ ਨਵੀਨ ਕੁਮਾਰ ਗੁਪਤਾ ਸਮੇਤ ਕਲੱਬ ਦੇ ਹੋਰ ਮੈਂਬਰ, ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।