ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਊਜ਼ੀਲੈਂਡ ਦੌਰੇ ਨੂੰ ਬੇਹੱਦ ਸਫ਼ਲ ਦੱਸਦਿਆਂ ਕਿਹਾ ਹੈ ਕਿ ਦੋਵਾਂ ਦੇਸ਼ਾਂ ਨੇ 'ਮੁਕਤ ਵਪਾਰ ਸਮਝੌਤੇ' ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਨਵੀਂ ਡੀਲ 'ਤੇ ਸਹਿਮਤੀ ਜਤਾਈ ਹੈ। ਲਕਸਨ ਮੁਤਾਬਕ, ਦੋਵਾਂ ਦੇਸ਼ਾਂ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾ ਕੇ 'ਰਣਨੀਤਕ ਭਾਈਵਾਲੀ' 'ਚ ਬਦਲ ਦਿੱਤਾ ਹੈ।
ਪ੍ਰਧਾਨ ਮੰਤਰੀ ਲਕਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਸ ਨਵੇਂ ਸਮਝੌਤੇ ਤਹਿਤ ਦੋਵੇਂ ਦੇਸ਼ ਸਾਲ 2030 ਤੱਕ ਆਪਸੀ ਵਪਾਰ ਨੂੰ ਦੁੱਗਣਾ ਕਰਨਗੇ। ਇਸ ਨਾਲ ਨਿਊਜ਼ੀਲੈਂਡ ਦੇ ਸਥਾਨਕ ਲੋਕਾਂ ਦੀ ਕਮਾਈ ਵਧੇਗੀ, ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਦੇਸ਼ ਦੀ ਆਰਥਿਕਤਾ ਹੋਰ ਮਜ਼ਬੂਤ ਹੋਵੇਗੀ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਤੇ ਆਸਟ੍ਰੇਲੀਆ ਦੌਰੇ ਮਗਰੋਂ ਨਿਊਜ਼ੀਲੈਂਡ ਪੁੱਜੇ ਪੀ.ਐਮ. ਮੋਦੀ ਦੇ ਇਸ ਇਤਿਹਾਸਕ ਦੌਰੇ ਦੌਰਾਨ ਦੋਵਾਂ ਆਗੂਆਂ ਵਿਚਕਾਰ ਵਪਾਰ, ਨਿਵੇਸ਼, ਰੱਖਿਆ, ਖੇਤੀਬਾੜੀ ਤਕਨਾਲੋਜੀ, ਖੇਡਾਂ, ਸਿੱਖਿਆ, ਟੂਰਿਜ਼ਮ ਅਤੇ ਸੱਭਿਆਚਾਰ ਸਣੇ ਕਈ ਅਹਿਮ ਖੇਤਰਾਂ 'ਤੇ ਡੂੰਘੀ ਚਰਚਾ ਹੋਈ। ਉੱਚ ਪੱਧਰੀ ਬੈਠਕ ਤੋਂ ਬਾਅਦ ਦੋਵਾਂ ਪ੍ਰਧਾਨ ਮੰਤਰੀਆਂ ਦੀ ਮੌਜੂਦਗੀ 'ਚ ਰੱਖਿਆ ਅਤੇ ਸਮੁੰਦਰੀ ਸੁਰੱਖਿਆ, ਹਾਈਡ੍ਰੋਗ੍ਰਾਫੀ, ਡੇਅਰੀ ਉਦਯੋਗ, ਆਫ਼ਤ ਪ੍ਰਬੰਧਨ, ਫੂਡ ਟੈਕਨਾਲੋਜੀ ਅਤੇ ਸਮੁੰਦਰੀ ਖੋਜ ਵਰਗੇ ਕਈ ਖੇਤਰਾਂ 'ਚ ਆਪਸੀ ਸਹਿਮਤੀ ਪੱਤਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਯਾਤਰਾ ਨੇ 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਫੇਰੀ ਵਜੋਂ ਭਾਰਤ ਅਤੇ ਨਿਊਜ਼ੀਲੈਂਡ ਦੇ ਸਬੰਧਾਂ ਨੂੰ ਇੱਕ ਨਵੀਂ ਊਰਜਾ ਅਤੇ ਦਿਸ਼ਾ ਦਿੱਤੀ ਹੈ, ਜਿਸ ਦੀ ਨਿਊਜ਼ੀਲੈਂਡ ਸਰਕਾਰ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।