ਖਰੜ (ਪ੍ਰੀਤ ਪੱਤੀ) : ਅਧਿਆਪਕ ਦਿਵਸ ਦੇ ਮੌਕੇ ’ਤੇ ਰੋਟਰੀ ਕਲੱਬ ਖਰੜ ਹੈਰੀਟੇਜ, ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3080 ਵੱਲੋਂ ਮੋਂਟੇਸਰੀ ਪਬਲਿਕ ਸਕੂਲ, ਖਰੜ ਵਿਖੇ ਵਿਸ਼ੇਸ਼ ਟੀਚਰਜ਼ ਡੇ ਸੈਲੀਬ੍ਰੇਸ਼ਨ ਅਤੇ ਨੇਸ਼ਨ ਬਿਲਡਰ ਐਵਾਰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦਾ ਉਦੇਸ਼ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦੇ ਸਮਰਪਣ ਅਤੇ ਸੇਵਾ ਨੂੰ ਸਨਮਾਨਿਤ ਕਰਨਾ ਸੀ।
ਇਸ ਮੌਕੇ ਖਰੜ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਤ 42 ਅਧਿਆਪਕਾਂ ਨੂੰ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਪਾਏ ਯੋਗਦਾਨ ਲਈ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਰੋਹ ਵਿੱਚ ਸ. ਰਣਜੀਤ ਸਿੰਘ ਗਿੱਲ, ਵਾਈਸ ਪ੍ਰੈਜ਼ੀਡੈਂਟ, ਭਾਜਪਾ ਪੰਜਾਬ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪੀ.ਡੀ.ਜੀ. ਰੋਟੇਰੀਅਨ ਡਾ. ਆਰ.ਐਸ. ਪਰਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਰੋਟੇਰੀਅਨ ਕਮਲਦੀਪ ਸਿੰਘ ਟਿਵਾਣਾ, ਅਸਿਸਟੈਂਟ ਗਵਰਨਰ, ਜ਼ੋਨ 9, ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਸਮਾਗਮ ਦੌਰਾਨ ਰੋਟਰੀ ਕਲੱਬ ਖਰੜ ਹੈਰੀਟੇਜ ਦੇ ਪ੍ਰੈਜ਼ੀਡੈਂਟ ਰੋਟੇਰੀਅਨ ਹਰਸਿਮਰਨ ਸਿੰਘ ਲੇਹਲ ਨੇ ਹਾਜ਼ਰ ਮਹਿਮਾਨਾਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦੇ ਅਸਲ ਨਿਰਮਾਤਾ ਹਨ। ਉਹ ਵਿਦਿਆਰਥੀਆਂ ਨੂੰ ਸਿਰਫ਼ ਗਿਆਨ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਦੇ ਚਰਿੱਤਰ, ਸੋਚ ਅਤੇ ਭਵਿੱਖ ਦੀ ਵੀ ਨੀਂਹ ਰੱਖਦੇ ਹਨ।
ਕਲੱਬ ਸਕੱਤਰ ਰੋਟੇਰੀਅਨ ਜਸਕਰਨ ਸਿੰਘ ਟਿਵਾਣਾ ਨੇ ਆਪਣੇ ਸੰਬੋਧਨ ਦੌਰਾਨ ਰੋਟਰੀ ਇੰਟਰਨੈਸ਼ਨਲ, ਇਸ ਦੇ “Service Above Self” "ਸਰਵਿਸ ਅਬੋਵੇ ਸੈਲਫ "ਦੇ ਸਿਧਾਂਤ ਅਤੇ ਸਮਾਜ ਸੇਵਾ ਪ੍ਰਤੀ ਰੋਟਰੀ ਦੀ ਵਚਨਬੱਧਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਭੂਮਿਕਾ ਰੋਟਰੀ ਦੀ ਸੇਵਾ ਭਾਵਨਾ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ, ਕਿਉਂਕਿ ਅਧਿਆਪਕ ਆਪਣੀ ਜ਼ਿੰਦਗੀ ਦੀ ਊਰਜਾ ਨਵੀਂ ਪੀੜ੍ਹੀ ਨੂੰ ਸਿੱਖਿਆ ਅਤੇ ਸਹੀ ਦਿਸ਼ਾ ਦੇਣ ਵਿੱਚ ਲਗਾਉਂਦੇ ਹਨ।
ਮੁੱਖ ਮਹਿਮਾਨ ਸ. ਰਣਜੀਤ ਸਿੰਘ ਗਿੱਲ ਨੇ ਰੋਟਰੀ ਕਲੱਬ ਖਰੜ ਹੈਰੀਟੇਜ ਵੱਲੋਂ ਅਧਿਆਪਕਾਂ ਦੇ ਸਨਮਾਨ ਲਈ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਾਰੇ 42 ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਰਾਹੀਂ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਅਧਿਆਪਕਾਂ ਦਾ ਯੋਗਦਾਨ ਬੇਮਿਸਾਲ ਹੈ।
ਪੀ.ਡੀ.ਜੀ. ਰੋਟੇਰੀਅਨ ਡਾ. ਆਰ.ਐਸ. ਪਰਮਾਰ ਨੇ ਵੀ ਕਲੱਬ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਰੋਟਰੀ ਕਲੱਬ ਖਰੜ ਹੈਰੀਟੇਜ ਨੂੰ ਭਵਿੱਖ ਵਿੱਚ ਵੀ ਅਜਿਹੇ ਪ੍ਰਭਾਵਸ਼ਾਲੀ ਸਮਾਜ ਸੇਵੀ ਪ੍ਰੋਜੈਕਟ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।
ਅਸਿਸਟੈਂਟ ਗਵਰਨਰ ਜ਼ੋਨ 9 ਰੋਟੇਰੀਅਨ ਕਮਲਦੀਪ ਸਿੰਘ ਟਿਵਾਣਾ ਨੇ ਵੀ ਕਲੱਬ ਨੂੰ ਇਸ ਸਫਲ ਪ੍ਰੋਜੈਕਟ ਲਈ ਵਧਾਈ ਦਿੱਤੀ ਅਤੇ ਮੈਂਬਰਾਂ ਦੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ।
ਇਸ ਸਮਾਗਮ ਦੀ ਅਗਵਾਈ ਕਲੱਬ ਪ੍ਰੈਜ਼ੀਡੈਂਟ ਰੋਟੇਰੀਅਨ ਹਰਸਿਮਰਨ ਸਿੰਘ ਲੇਹਲ ਅਤੇ ਕਲੱਬ ਸਕੱਤਰ ਰੋਟੇਰੀਅਨ ਜਸਕਰਨ ਸਿੰਘ ਟਿਵਾਣਾ ਵੱਲੋਂ ਕੀਤੀ ਗਈ, ਜਦਕਿ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਸਿਮਰਨਪ੍ਰੀਤ ਸਿੰਘ ਗਰੇਵਾਲ ਨੇ ਪ੍ਰੋਜੈਕਟ ਦੇ ਪ੍ਰਬੰਧ ਅਤੇ ਸਫਲ ਆਯੋਜਨ ਵਿੱਚ ਅਹਿਮ ਭੂਮਿਕਾ ਨਿਭਾਈ।
ਵੱਖ-ਵੱਖ ਸਕੂਲਾਂ ਤੋਂ ਪਹੁੰਚੇ 42 ਸਨਮਾਨਿਤ ਅਧਿਆਪਕਾਂ ਨੂੰ ਨੇਸ਼ਨ ਬਿਲਡਰ ਐਵਾਰਡ ਦੇ ਕੇ ਉਨ੍ਹਾਂ ਦੀ ਸੇਵਾ ਅਤੇ ਯੋਗਦਾਨ ਪ੍ਰਤੀ ਸਨਮਾਨ ਅਤੇ ਧੰਨਵਾਦ ਪ੍ਰਗਟ ਕੀਤਾ ਗਿਆ।
ਸਮਾਗਮ ਵਿੱਚ ਅਧਿਆਪਕਾਂ, ਰੋਟੇਰੀਅਨਾਂ ਅਤੇ ਪਤਵੰਤੇ ਮਹਿਮਾਨਾਂ ਵੱਲੋਂ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ ਗਈ। ਰੋਟਰੀ ਕਲੱਬ ਖਰੜ ਹੈਰੀਟੇਜ ਵੱਲੋਂ ਸਿੱਖਿਆ, ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਖੇਤਰ ਵਿੱਚ ਭਵਿੱਖ ਵਿੱਚ ਵੀ ਅਰਥਪੂਰਨ ਪ੍ਰੋਜੈਕਟ ਜਾਰੀ ਰੱਖਣ ਦਾ ਸੰਕਲਪ ਪ੍ਰਗਟਾਇਆ ਗਿਆ।
ਸਮਾਗਮ ਦੀ ਸਮਾਪਤੀ ਸਨਮਾਨਿਤ ਅਧਿਆਪਕਾਂ, ਮਹਿਮਾਨਾਂ ਅਤੇ ਰੋਟੇਰੀਅਨਾਂ ਲਈ ਲੰਚ ਨਾਲ ਹੋਈ।