ਨਵਾਸ਼ਹਿਰ (ਮਨੋਰੰਜਨ ਕਾਲੀਆ) : ਚੰਡੀਗੜ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਵਿਖੇ 'ਖੂਨਦਾਨ ਦਿਵਸ' ਮਨਾਇਆ ਗਿਆ। ਇਸ ਸਮਾਗਮ ਦੌਰਾਨ ਖੂਨਦਾਨੀਆਂ, ਸਰੀਰ ਦਾਨੀਆਂ ਦੇ ਪਰਿਵਾਰਾਂ ਅਤੇ ਸਹਿਯੋਗੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਅਤੇ ਚੰਡੀਗੜ੍ਹ ਦੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕੀਤੀ। ਇਸ ਮੌਕੇ 'ਤੇ, ਨਵਾਂਸ਼ਹਿਰ ਦੀ ਦੋਆਬਾ ਸੇਵਾ ਸੰਮਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੂੰ ਸਰੀਰ ਦਾਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਅਤੇ ਹੋਰ ਸਮਾਜ ਸੇਵੀ ਗਤੀਵਿਧੀਆਂ ਵਿੱਚ ਪਾਏ ਗਏ ਅਹਿਮ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸ੍ਰੀ ਰਤਨ ਜੈਨ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦੇ ਕੀਮਤੀ ਯੋਗਦਾਨ ਲਈ ਪਹਿਲਾਂ ਵੀ ਵੱਖ-ਵੱਖ ਸੰਸਥਾਵਾਂ ਅਤੇ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰੀਰ ਦਾਨ ਅਤੇ ਖੂਨਦਾਨ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਰਤਨ ਕੁਮਾਰ ਜੈਨ ਨੇ ਦੱਸਿਆ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪ੍ਰੇਰਣਾ ਅਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ-32, ਚੰਡੀਗੜ੍ਹ ਦੀ ਡਾਇਰੈਕਟਰ ਡਾ. ਰਵਨੀਤ ਕੌਰ ਦੇ ਯਤਨਾਂ ਸਦਕਾ, ਹੁਣ ਮੈਡੀਕਲ ਕਾਲਜ ਦੀ ਟੀਮ ਖੁਦ ਦਾਨੀ ਦੇ ਸਰੀਰ ਨੂੰ ਪੂਰੇ ਸਤਿਕਾਰ ਨਾਲ ਲੈਣ ਲਈ ਪਹੁੰਚਦੀ ਹੈ। ਸ੍ਰੀ ਜੈਨ ਨੇ ਇਸ ਉਪਰਾਲੇ ਵਿੱਚ ਸਹਿਯੋਗ ਲਈ ਰਾਜਪਾਲ ਅਤੇ ਡਾ. ਰਵਨੀਤ ਕੌਰ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਮਨਦੀਪ ਸਿੰਘ ਬਰਾੜ, ਡਾ. ਰਵਨੀਤ ਕੌਰ (ਡਾਇਰੈਕਟਰ ਅਤੇ ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ-32, ਚੰਡੀਗੜ੍ਹ), ਸਿਹਤ ਵਿਭਾਗ ਦੇ ਅਧਿਕਾਰੀ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।