ਜਲੰਧਰ/ਕੈਨੇਡਾ : ਕੈਨੇਡਾ 'ਚ ਪੰਜਾਬੀ ਯੂ-ਟਿਊਬਰ ਨੈਂਸੀ ਗਰੇਵਾਲ (45) ਦੇ ਕਤਲ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਨੈਂਸੀ ਦੇ ਕਤਲ ਮਾਮਲੇ 'ਚ ਸਿੱਖਸ ਫਾਰ ਜਸਟਿਸ (SFJ) ਦੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਪੰਨੂ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦੇ ਹੋਏ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਖਾਲਿਸਤਾਨੀ ਕਿਸੇ ਦਾ ਕਤਲ ਨਹੀਂ ਕਰਦੇ ਹਨ। ਖਾਲਿਸਤਾਨ ਇਕ ਰਾਜਨੀਤਿਕ ਵਿਚਾਰਧਾਰਾ ਹੈ। ਨੈਂਸੀ ਦੀ ਮੌਤ ਤੋਂ ਬਾਅਦ ਖਾਲਿਸਤਾਨੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਨੂ ਨੇ ਵੀਡੀਓ 'ਚ ਦਾਅਵਾ ਕੀਤਾ ਕਿ ਨੈਂਸੀ ਦੇ ਕਤਲ ਕਾਂਡ ਵਿਚ ਖਾਲਿਸਤਾਨੀਆਂ ਦਾ ਕੋਈ ਹੱਥ ਨਹੀਂ ਸੀ। ਕਤਲ ਦੀ ਜਾਂਚ ਚੱਲ ਰਹੀ ਹੈ ਅਤੇ ਭਾਰਤ ਨਾਲ ਸੰਬੰਧ ਜੁੜੇ ਮਿਲਣਗੇ। ਬਹੁਤ ਸਾਰੇ ਲੋਕ ਸਨ ਜੋ ਨੈਂਸੀ ਨੂੰ ਮਰਵਾਉਣਾ ਚਾਹੁੰਦੇ ਸਨ। ਪੰਨੂ ਨੇ ਕਿਹਾ ਕਿ ਨੈਂਸੀ ਗਰੇਵਾਲ ਤੋਂ ਪਹਿਲਾਂ ਖਾਲਿਸਤਾਨੀ ਨਿੱਝਰ ਦਾ ਵੀ ਕਤਲ ਹੋਇਆ ਹੈ। ਉਸ ਦੇ ਤਾਰ ਵੀ ਭਾਰਤ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਪੰਨੂ ਨੇ ਕਿਹਾ ਕਿ ਇਥੇ ਕਈ ਏਜੰਸੀਆਂ ਕੰਮ ਕਰ ਰਹੀਆਂ ਹਨ ਜੋ ਲੋਕਾਂ ਨੂੰ ਮਰਵਾ ਕੇ ਭਾਵਨਾਵਾਂ ਨਾਲ ਖੇਡਦੀਆਂ ਹਨ। ਨੈਂਸੀ ਦੇ ਕਤਲ ਦੀ ਵਰਤੋਂ ਖਾਲਿਸਤਾਨ ਵਿਰੁੱਧ ਇਕ ਨੈਰੇਟਿਵ ਬਣਾਇਆ ਜਾ ਰਿਹਾ ਹੈ। ਨੈਂਸੀ ਨੂੰ 3 ਮਾਰਚ ਨੂੰ ਰਾਤ 9:30 ਵਜੇ ਦੇ ਕਰੀਬ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਨੈਂਸੀ 'ਤੇ 20 ਵਾਰ ਚਾਕੂ ਮਾਰਿਆ ਗਿਆ ਸੀ ਅਤੇ ਉਸ ਦੀ ਜੀਭ ਵੀ ਕੱਟ ਦਿੱਤੀ ਗਈ ਸੀ।
ਕਤਲ ਦੇ ਪੰਜ ਦਿਨ ਬਾਅਦ ਵੀ ਕੈਨੇਡਾ ਦੇ ਲਾਸਾਲੇ ਵਿੱਚ ਪੁਲਸ ਕਾਤਲਾਂ ਦਾ ਪਤਾ ਨਹੀਂ ਲਗਾ ਸਕੀ ਹੈ। ਲਾਸਾਲੇ ਦੇ ਇਕ ਚੈਨਲ ਨਾਲ ਇਕ ਇੰਟਰਵਿਊ ਵਿੱਚ ਨੈਂਸੀ ਦੀ ਭੈਣ, ਅਲੀਸ਼ਾ ਨੇ ਸੀ. ਸੀ. ਟੀ. ਵੀ. ਫੁਟੇਜ ਜਾਰੀ ਕੀਤੀ, ਜਿਸ ਵਿੱਚ ਵਿਅਕਤੀਆਂ ਨੂੰ ਨੈਂਸੀ ਦੇ ਘਰ ਨੂੰ ਸਾੜਦੇ ਵਿਖਾਇਆ ਗਿਆ ਹੈ। ਅਲੀਸ਼ਾ ਦਾ ਦਾਅਵਾ ਹੈ ਕਿ ਨੈਂਸੀ ਦੇ ਕਤਲ ਤੋਂ ਪਹਿਲਾਂ ਉਸ ਨੂੰ 40 ਧਮਕੀ ਭਰੇ ਫੋਨ ਆਏ ਸਨ। ਨੈਂਸੀ ਦੀ ਮਾਂ ਵੀ ਜਲੰਧਰ ਤੋਂ ਕੈਨੇਡਾ ਪਹੁੰਚ ਚੁੱਕੀ ਹੈ। ਹਾਲਾਂਕਿ, ਨੈਂਸੀ ਦੇ ਅੰਤਿਮ ਸੰਸਕਾਰ ਸੰਬੰਧੀ ਅਜੇ ਤੱਕ ਕੋਈ ਵੀਡੀਓ ਸਾਹਮਣੇ ਨਹੀਂ ਆਈ ਹੈ।
ਨੈਂਸੀ ਦੇ ਕਤਲ ਦਾ ਖਾਲਿਸਤਾਨੀਆਂ ਨਾਲ ਕੋਈ ਸੰਬੰਧ ਨਹੀਂ
ਪੰਨੂ ਨੇ ਕਿਹਾ ਕਿ ਕੈਨੇਡਾ 'ਚ ਇਕ ਔਰਤ ਦਾ ਕਤਲ ਹੋਇਆ ਹੈ। ਇਸ ਤੋਂ ਬਾਅਦ ਭਾਰਤੀ ਮੀਡੀਆ ਹਮੇਸ਼ਾ ਵਾਂਗ ਖਾਲਿਸਤਾਨ ਸਮਰਥਕਾਂ 'ਤੇ ਦੋਸ਼ ਲਗਾ ਰਿਹਾ ਹੈ। ਖਾਲਿਸਤਾਨ ਇਕ ਰਾਜਨੀਤਿਕ ਵਿਚਾਰਧਾਰਾ ਹੈ ਅਤੇ ਸ਼ਾਇਦ ਔਰਤ ਇਸ ਦੇ ਪੱਖ ਵਿਚ ਨਹੀਂ ਸੀ ਇਸੇ ਲਈ ਸਾਰਿਆਂ ਦੀ ਰਾਏ ਇਕੱਠੀ ਕਰਨ ਲਈ ਵੋਟਾਂ ਕਰਵਾਈਆਂ ਜਾ ਰਹੀਆਂ ਹਨ। ਅਸੀਂ ਕਤਲ ਨਹੀਂ ਕਰਦੇ, ਅਸੀਂ ਸਿਰਫ਼ ਇਹ ਪੁੱਛ ਰਹੇ ਹਾਂ ਕਿ ਕੀ ਪੰਜਾਬ ਇਕ ਵੱਖਰਾ ਦੇਸ਼ ਹੋਣਾ ਚਾਹੀਦਾ ਹੈ ਜਾਂ ਨਹੀਂ।
ਅਸੀਂ ਬੈਲੇਟ ਨਾਲ ਲੜ ਰਹੇ ਹਾਂ, ਬੁਲੇਟ ਨਾਲ ਨਹੀਂ
ਪੰਨੂ ਨੇ ਕਿਹਾ ਕਿ ਅਸੀਂ ਬੈਲੇਟ (ਵੋਟ) ਨਾਲ ਲੜ ਰਹੇ ਹਾਂ ਬੁਲੇਟ ਨਾਲ ਨਹੀਂ। ਇਹ ਵਿਚਾਰ ਕਰਨਾ ਮਹੱਤਵਪੂਰਨ ਹੈ ਕਿ ਇਸ ਕਤਲੇਆਮ ਤੋਂ ਕਿਸ ਨੂੰ ਫਾਇਦਾ ਹੁੰਦਾ ਹੈ। ਖਾਲਿਸਤਾਨ ਪੱਖੀ ਸਮਰਥਕ ਰਾਜਨੀਤਿਕ ਕਾਰਨਾਂ ਕਰਕੇ ਨਹੀਂ ਮਾਰਦੇ। ਜਦੋਂ ਕੋਈ ਭਾਰਤ ਵਿਰੁੱਧ ਬੋਲਦਾ ਹੈ ਤਾਂ ਭਾਰਤ ਸਰਕਾਰ ਉਨ੍ਹਾਂ ਦਾ ਕਤਲ ਕਰਵਾ ਦਿੰਦੀ ਹੈ। ਇਸ ਦਾ ਸਬੂਤ ਹਰਦੀਪ ਸਿੰਘ ਨਿੱਝਰ ਅਤੇ ਹੋਰਾਂ 'ਤੇ ਹੋਏ ਹਮਲਿਆਂ ਤੋਂ ਮਿਲਦਾ ਹੈ।
ਇਥੇ ਵਸੂਲੀ, ਕਤਲ ਅਤੇ ਜਾਸੂਸੀ ਦਾ ਨੈੱਟਵਰਕ ਚੱਲ ਰਿਹਾ
ਪੰਨੂ ਨੇ ਕਿਹਾ ਕਿ ਕੈਨੇਡਾ ਦੇ ਅੰਦਰ ਵਸੂਲੀ, ਕਤਲ ਅਤੇ ਜਾਸੂਸੀ ਦਾ ਨੈੱਟਵਰਕ ਚਲਾਇਆ ਜਾ ਰਿਹਾ ਹੈ। ਜੇਕਰ ਨੈਂਸੀ ਦੇ ਕਤਲ ਦੀ ਜੜ੍ਹ ਤੱਕ ਜਾਂਚ ਕੀਤੀ ਜਾਵੇ ਤਾਂ ਇਨ੍ਹਾਂ ਵਿਚ ਭਾਰਤੀਆਂ ਦਾ ਹੱਥ ਨਿਕਲੇਗਾ।
40 ਵਾਰ ਜਾਨੋਂ ਮਾਰਨ ਦੀਆਂ ਮਿਲ ਚੁੱਕੀਆਂ ਸਨ ਨੈਂਸੀ ਨੂੰ ਧਮਕੀਆਂ
ਭੈਣ ਅਲੀਸ਼ਾ ਨੇ ਕਿਹਾ ਕਿ ਨੈਂਸੀ ਸੋਸ਼ਲ ਮੀਡੀਆ 'ਤੇ ਸਰਗਰਮ ਸੀ ਅਤੇ ਖਾਲਿਸਤਾਨ ਅੰਦੋਲਨ ਵਿਰੁੱਧ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੀ ਸੀ। ਨੈਂਸੀ ਨੂੰ ਆਪਣੇ ਵਿਚਾਰਾਂ ਕਾਰਨ 40 ਤੋਂ ਵੱਧ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਦੇ ਵਰਾਂਡੇ ਨੂੰ ਅੱਗ ਲਗਾ ਦਿੱਤੀ ਗਈ ਸੀ। ਨੈਂਸੀ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਬਚ ਗਈ।
ਉਹ ਹਰ ਘੰਟੇ ਬਾਅਦ ਨੈਂਸੀ ਨੂੰ ਕਰਦੀ ਸੀ ਵੀਡੀਓ ਕਾਲ
ਅਲੀਸ਼ਾ ਨੇ ਕਿਹਾ ਕਿ ਉਹ ਦੋਵੇਂ ਬਹੁਤ ਨੇੜੇ ਸਨ ਅਤੇ ਹਰ ਘੰਟੇ ਵੀਡੀਓ ਕਾਲ 'ਤੇ ਗੱਲ ਕਰਦੇ ਸਨ। ਇਹ ਕੋਈ ਅਚਾਨਕ ਹਿੰਸਾ ਨਹੀਂ ਹੈ ਸਗੋਂ ਨੈਂਸੀ ਗਰੇਵਾਲ ਦਾ ਕਤਲ ਇਕ ਯੋਜਨਾਬੱਧ ਸਾਜ਼ਿਸ਼ ਸੀ। ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।