ਕੀਵ : ਰੂਸ ਨੇ ਯੂਕਰੇਨ ਵਿੱਚ ਨਾਗਰਿਕ ਇਲਾਕਿਆਂ 'ਤੇ ਭਾਰੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੀ ਇੱਕ ਹੋਰ ਲੜੀ ਸ਼ੁਰੂ ਕੀਤੀ ਹੈ, ਜਿਸ ਵਿੱਚ ਘੱਟੋ-ਘੱਟ ਚਾਰ ਲੋਕ ਮਾਰੇ ਗਏ ਹਨ। ਯੂਕਰੇਨੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਹਮਲੇ ਉਦੋਂ ਹੋਏ ਹਨ, ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਰਵੇ ਦਾ ਦੌਰਾ ਕਰ ਰਹੇ ਹਨ ਅਤੇ ਸੰਯੁਕਤ ਰਾਜ ਅਤੇ ਯੂਰਪੀਅਨ ਦੇਸ਼ਾਂ ਤੋਂ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਖੇਤਰੀ ਪੁਲਿਸ ਨੇ ਕਿਹਾ ਕਿ ਕੀਵ ਖੇਤਰ ਵਿੱਚ ਰੂਸੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਵਿੱਚ ਬੱਚਿਆਂ ਸਮੇਤ ਚਾਰ ਲੋਕ ਮਾਰੇ ਗਏ ਅਤੇ 27 ਹੋਰ ਜ਼ਖਮੀ ਹੋ ਗਏ।
ਪੁਲਸ ਨੇ ਕਿਹਾ ਕਿ ਓਬੂਖਿਵ ਜ਼ਿਲ੍ਹੇ ਵਿੱਚ ਤਿੰਨ ਲੋਕ ਮਾਰੇ ਗਏ ਅਤੇ ਛੇ ਹੋਰ ਜ਼ਖਮੀ ਹੋ ਗਏ, ਜਿਸ ਨਾਲ ਉੱਥੇ ਦੇ ਗੋਦਾਮਾਂ ਨੂੰ ਨੁਕਸਾਨ ਪਹੁੰਚਿਆ। ਬੁਚਾ ਜ਼ਿਲ੍ਹੇ ਵਿੱਚ, ਇੱਕ ਔਰਤ ਦੀ ਮੌਤ ਹੋ ਗਈ ਅਤੇ ਅੱਠ ਬੱਚਿਆਂ ਸਮੇਤ 21 ਲੋਕ ਜ਼ਖਮੀ ਹੋ ਗਏ। ਜ਼ਿਲ੍ਹੇ ਵਿੱਚ ਸੈਂਕੜੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਖੇਤਰੀ ਫੌਜੀ ਪ੍ਰਸ਼ਾਸਨ ਦੇ ਮੁਖੀ ਓਲੇਹ ਕੀਪਰ ਨੇ ਕਿਹਾ ਕਿ ਰੂਸ ਨੇ ਰਾਤੋ-ਰਾਤ ਦੱਖਣੀ ਓਡੇਸਾ ਖੇਤਰ ਵਿੱਚ ਊਰਜਾ ਸਥਾਪਨਾਵਾਂ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਨਾਲ ਕੁਝ ਖੇਤਰਾਂ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਿਆ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜ਼ੇਲੇਂਸਕੀ ਦੇ ਅਨੁਸਾਰ ਯੂਕਰੇਨ ਵਿੱਚ ਰੂਸੀ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਲਈ ਅਮਰੀਕਾ ਦੁਆਰਾ ਬਣਾਏ ਗਏ ਪੈਟ੍ਰਿਅਟ ਹਵਾਈ ਰੱਖਿਆ ਪ੍ਰਣਾਲੀਆਂ ਲਗਭਗ ਖਤਮ ਹੋ ਗਈਆਂ ਹਨ। ਉਸਨੇ ਵਾਸ਼ਿੰਗਟਨ ਨੂੰ ਹੋਰ ਮਿਜ਼ਾਈਲਾਂ ਭੇਜਣ ਦੀ ਬੇਨਤੀ ਕੀਤੀ ਹੈ। ਹਾਲਾਂਕਿ, ਉਸਦਾ ਕਹਿਣਾ ਹੈ ਕਿ ਅਮਰੀਕੀ ਰੱਖਿਆ ਵਿਭਾਗ ਦਾ ਮੁੱਖ ਦਫਤਰ ਪੈਂਟਾਗਨ ਵੀ ਉਨ੍ਹਾਂ ਮਿਜ਼ਾਈਲਾਂ ਦੀ ਸਪਲਾਈ ਵਿੱਚ ਦੇਰੀ ਕਰ ਰਿਹਾ ਹੈ ਜੋ ਦੂਜੇ ਦੇਸ਼ਾਂ ਨੇ ਯੂਕਰੇਨ ਲਈ ਖਰੀਦੀਆਂ ਸਨ।