ਖਰੜ (ਪ੍ਰੀਤ ਪੱਤੀ) : ਯੁਵਕ ਸੇਵਾਵਾਂ ਵਿਭਾਗ ਵੱਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਅੱਜ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਰਾਜ ਪੱਧਰੀ 5 ਕਿਲੋਮੀਟਰ ਰੈੱਡ ਰਨ ਮੈਰਾਥਨ-2026 ਕਰਵਾਈ ਗਈ। ਇਸ ਮੁਕਾਬਲੇ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ 138 ਲੜਕੇ ਅਤੇ ਲੜਕੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਨੌਜਵਾਨ ਜ਼ਿਲ੍ਹਾ ਪੱਧਰ ’ਤੇ ਕਰਵਾਏ ਗਏ ਰੈੱਡ ਰਿਬਨ ਕਲੱਬ ਮੁਕਾਬਲਿਆਂ ਦੇ ਜੇਤੂ ਸਨ।
ਇਸ ਰੈੱਡ ਰਨ ਮੈਰਾਥਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਐੱਚ.ਆਈ.ਵੀ. ਸਬੰਧੀ ਜਾਗਰੂਕਤਾ ਪੈਦਾ ਕਰਨਾ ਸੀ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਸ.ਐਸ. ਸਹਿਗਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਨੇ ਨੌਜਵਾਨਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਹਰੀ ਝੰਡੀ ਦਿਖਾ ਕੇ ਮੈਰਾਥਨ ਨੂੰ ਰਵਾਨਾ ਕੀਤਾ।
ਲੜਕਿਆਂ ਦੇ ਵਰਗ ਵਿੱਚ ਗੁਰਭਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ (ਪੀ.ਆਈ.ਐੱਸ. ਸੈਂਟਰ), ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਬਿਕਰਮ ਸਿੰਘ, ਯੂਨੀਵਰਸਿਟੀ ਕਾਲਜ ਮੀਰਾਂਪੁਰ, ਪਟਿਆਲਾ ਦੂਜੇ, ਦਿਲਬਰ ਸਿੰਘ, ਮਹਿੰਦਰਾ ਕਾਲਜ, ਪਟਿਆਲਾ ਤੀਜੇ ਅਤੇ ਅਕਾਸ਼ ਪ੍ਰਜਾਪਤੀ, ਸਰਕਾਰੀ ਕਾਲਜ, ਲੁਧਿਆਣਾ ਚੌਥੇ ਸਥਾਨ ’ਤੇ ਰਹੇ।
ਲੜਕੀਆਂ ਦੇ ਵਰਗ ਵਿੱਚ ਮਨਦੀਪ ਕੌਰ, ਖਾਲਸਾ ਕਾਲਜ ਫਾਰ ਵੂਮੈਨ, ਹੁਸ਼ਿਆਰਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ। ਰਾਜਵਿੰਦਰ ਕੌਰ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਕਲਾਂ ਦੂਜੇ, ਮਹਿਕਪ੍ਰੀਤ ਕੌਰ, ਜੀ.ਜੀ.ਐਸ. ਕਾਲਜ, ਸਰਦੂਲਗੜ੍ਹ, ਮਾਨਸਾ ਤੀਜੇ ਅਤੇ ਗਗਨਦੀਪ ਕੌਰ, ਏ.ਸੀ.ਪੀ.ਈ., ਮਸਤੂਆਣਾ ਸਾਹਿਬ, ਸੰਗਰੂਰ ਚੌਥੇ ਸਥਾਨ ’ਤੇ ਰਹੇ।
ਜੇਤੂ ਨੌਜਵਾਨਾਂ ਨੂੰ ਡਿਪਟੀ ਡਾਇਰੈਕਟਰ ਸ੍ਰੀ ਕੁਲਵਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੀ ਅਧਿਕਾਰੀ ਸ੍ਰੀਮਤੀ ਗੁਰਪ੍ਰੀਤ ਕੌਰ ਵੱਲੋਂ ਜੇਤੂਆਂ ਲਈ 50,000 ਰੁਪਏ ਦੀ ਨਕਦ ਇਨਾਮੀ ਰਾਸ਼ੀ ਵੀ ਜਾਰੀ ਕੀਤੀ ਗਈ।
ਵਿਭਾਗ ਵੱਲੋਂ ਦੱਸਿਆ ਗਿਆ ਕਿ ਰਾਜ ਪੱਧਰੀ ਮੈਰਾਥਨ ਵਿੱਚ ਪਹਿਲੇ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੇ ਲੜਕੇ ਅਤੇ ਲੜਕੀਆਂ ਨੂੰ ਅਗਲੇ ਮਹੀਨੇ ਹੋਣ ਵਾਲੀ ਨੈਸ਼ਨਲ ਰੈੱਡ ਰਨ ਮੈਰਾਥਨ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਭੇਜਿਆ ਜਾਵੇਗਾ।
ਅੰਤ ਵਿੱਚ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਸਮਾਗਮ ਦੇ ਪ੍ਰਬੰਧਕ ਸ੍ਰੀ ਗੁਰਚੇਤ ਸਿੰਘ, ਪ੍ਰੋਗਰਾਮ ਅਫ਼ਸਰ, ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਨੂੰ ਵੀ ਸਨਮਾਨਿਤ ਕੀਤਾ ਗਿਆ।