ਡਾਕਟਰਾਂ ਦਾ ਕਹਿਣਾ ਹੈ ਕਿ ਤੁਹਾਡਾ ਦਿਲ ਉਸ ਤੋਂ ਕਿਤੇ ਬੁੱਢਾ ਹੋ ਸਕਦਾ ਹੈ, ਜਿੰਨਾ ਤੁਸੀਂ ਸੋਚਦੇ ਹੋ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ 'ਚ ਮੋਟਾਪਾ ਵਧਣ ਕਾਰਨ, ਬਹੁਤ ਸਾਰੇ ਲੋਕਾਂ ਦੀ ਦਿਲ ਦੀ ਉਮਰ (ਕਾਰਡੀਅਕ ਏਜ) ਉਨ੍ਹਾਂ ਦੀ ਅਸਲ ਉਮਰ ਨਾਲੋਂ ਬਹੁਤ ਜ਼ਿਆਦਾ ਹੋ ਸਕਦੀ ਹੈ, ਜਿਸ ਨਾਲ ਛੋਟੀ ਉਮਰ 'ਚ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਇਹ ਚਿੰਤਾ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ-6 (NFHS-6) ਦੇ ਨਤੀਜਿਆਂ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਭਾਰਤੀ ਬਾਲਗਾਂ 'ਚ ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਸਰਵੇਖਣ 'ਚ ਪਾਇਆ ਗਿਆ ਕਿ 2023-24 'ਚ 15 ਤੋਂ 49 ਸਾਲ ਦੀ ਉਮਰ ਦੀਆਂ 30.7 ਫੀਸਦੀ ਔਰਤਾਂ ਜ਼ਿਆਦਾ ਭਾਰ ਜਾਂ ਮੋਟਾਪੇ ਦਾ ਸ਼ਿਕਾਰ ਸਨ, ਜਦੋਂ ਕਿ NFHS-5 (2019-21) 'ਚ ਇਹ ਅਨੁਪਾਤ 24 ਫੀਸਦੀ ਸੀ।
ਉੱਥੇ ਹੀ ਮਰਦਾਂ 'ਚ ਇਹ ਅਨੁਪਾਤ 22.9 ਫੀਸਦੀ ਤੋਂ ਵੱਧ ਕੇ 27.3 ਫੀਸਦੀ ਹੋ ਗਿਆ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤਬਦੀਲੀ ਅਤੇ ਨਾਲ ਹੀ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦੇ ਵਧਦੇ ਮਾਮਲਿਆਂ ਕਾਰਨ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ। ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼), ਦਿੱਲੀ 'ਚ ਦਿਲ ਦੇ ਰੋਗ ਦੇ ਪ੍ਰੋਫੈਸਰ ਡਾ. ਨਿਤੀਸ਼ ਨਾਈਕ ਨੇ ਕਿਹਾ ਕਿ ਦਿਲ ਦੇ ਰੋਗ ਦੇ ਜ਼ੋਖ਼ਮ ਨੂੰ ਅਜਿਹੇ ਤਰੀਕੇ ਨਾਲ ਸਮਝਾਉਣ ਲਈ 'ਦਿਲ ਦੀ ਉਮਰ' ਦਾ ਇਸਤੇਮਾਲ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਨੂੰ ਲੋਕ ਆਸਾਨੀ ਨਾਲ ਸਮਝ ਸਕਣ। ਡਾ. ਨਾਈਕ ਨੇ ਕਿਹਾ,''ਦਿਲ ਦੀ ਉਮਰ ਜ਼ਰੂਰੀ ਨਹੀਂ ਕਿ ਕਿਸੇ ਵਿਅਕਤੀ ਦੀ ਅਸਲ ਉਮਰ (ਕ੍ਰੋਨੋਲਾਜਿਕਲ ਏਜ) ਦੇ ਬਰਾਬਰ ਹੀ ਹੋਵੇ। ਇਹ ਵੱਖ-ਵੱਖ ਜ਼ੋਖ਼ਮ ਕਾਰਕਾਂ ਦੇਆਧਾਰ 'ਤੇ ਦਿਲ ਦੇ ਸਵਸਥ ਜਾਂ ਅਸਵਸਥ ਹੋਣ ਦਾ ਮੁਲਾਂਕਣ ਹੈ।''