ਬੀਤੇ ਹਫ਼ਤੇ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ।ਸਿਰਫ਼ ਪੰਜ ਕਾਰੋਬਾਰੀ ਦਿਨਾਂ ਦੇ ਅੰਦਰ ਹੀ ਚਾਂਦੀ ਦੀਆਂ ਕੀਮਤਾਂ 'ਚ 18,000 ਰੁਪਏ ਤੋਂ ਵੱਧ ਦੀ ਕਮੀ ਆਈ ਹੈ। ਜ਼ਿਕਰਯੋਗ ਹੈ ਕਿ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਚਾਂਦੀ ਦੇ ਭਾਅ ਅਚਾਨਕ ਡਿੱਗ ਗਏ ਹਨ। ਜਨਵਰੀ 2026 'ਚ ਚਾਂਦੀ ਆਪਣੇ ਇਤਿਹਾਸਕ ਉੱਚ ਪੱਧਰ 4,57,328 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਸੀ ਪਰ ਹੁਣ ਇਹ ਆਪਣੇ ਉਸ ਉੱਚ ਪੱਧਰ ਤੋਂ 2,09,127 ਰੁਪਏ ਸਸਤੀ ਮਿਲ ਰਹੀ ਹੈ। ਪਿਛਲੇ ਹਫ਼ਤੇ ਚਾਂਦੀ ਦਾ ਭਾਅ 2,66,998 ਰੁਪਏ ਤੋਂ ਘਟ ਕੇ 2,48,201 ਰੁਪਏ ਪ੍ਰਤੀ ਕਿਲੋ 'ਤੇ ਆ ਗਿਆ।
ਹੁਣ ਸਿਰਫ਼ ਚਾਂਦੀ ਹੀ ਨਹੀਂ, ਸਗੋਂ ਸੋਨੇ ਦੀਆਂ ਕੀਮਤਾਂ 'ਚ ਵੀ ਤੇਜ਼ੀ ਨਾਲ ਗਿਰਾਵਟ ਆਈ ਹੈ। ਪਿਛਲੇ ਸ਼ੁੱਕਰਵਾਰ ਨੂੰ ਹੀ 24k ਸੋਨੇ ਦਾ ਭਾਅ 3,947 ਰੁਪਏ ਪ੍ਰਤੀ 10 ਗ੍ਰਾਮ ਡਿੱਗ ਗਿਆ। ਪੂਰੇ ਹਫ਼ਤੇ ਦੀ ਗੱਲ ਕਰੀਏ ਤਾਂ ਸੋਨਾ 5,311 ਰੁਪਏ ਸਸਤਾ ਹੋ ਕੇ`ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਆਪਣੇ ਜਨਵਰੀ ਦੇ ਉੱਚ ਪੱਧਰ (2,04,375 ਰੁਪਏ) ਦੇ ਮੁਕਾਬਲੇ ਹੁਣ ਸੋਨਾ 48,775 ਰੁਪਏ ਸਸਤਾ ਵਿਕ ਰਿਹਾ ਹੈ।
ਇਸੇ ਤਰ੍ਹਾਂ ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ ਘਰੇਲੂ ਬਾਜ਼ਾਰ 'ਚ ਵੀ ਕੀਮਤਾਂ 'ਚ ਨਰਮੀ ਦੇਖੀ ਗਈ ਹੈ। ਇੱਥੇ ਇੱਕ ਕਿਲੋ ਚਾਂਦੀ ਦਾ ਭਾਅ 2,56,908 ਰੁਪਏ ਤੇ 24k ਸੋਨੇ ਦਾ ਭਾਅ 1,54,238 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ ਹੈ। ਬਾਜ਼ਾਰ ਦੇ ਮਾਹਿਰਾਂ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਆਈ ਤਬਦੀਲੀ ਦਾ ਅਸਰ ਭਾਰਤੀ ਬਾਜ਼ਾਰਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਨਿਵੇਸ਼ਕਾਂ ਨੂੰ ਸਲਾਹ ਵੀ ਦਿੱਤੀ ਗਈ ਹੈ ਕਿ ਸੋਨੇ-ਚਾਂਦੀ ਜਾਂ ਗੋਲਡ ਈ.ਟੀ.ਐੱਫ. ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਮਾਰਕੀਟ ਮਾਹਿਰਾਂ ਦੀ ਸਲਾਹ ਜ਼ਰੂਰ ਲੈ ਲੈਣ।