ਨਵੀਂ ਦਿੱਲੀ : ਦਿੱਲੀ ਦੀਆਂ ਨਿਵਾਸੀ ਔਰਤਾਂ ਹੁਣ ‘ਪਿੰਕ ਸਹੇਲੀ ਸਮਾਰਟ ਕਾਰਡ’ ਰਾਹੀਂ ਹੀ ਡੀ. ਟੀ. ਸੀ. ਅਤੇ ਕਲੱਸਟਰ ਬੱਸਾਂ ’ਚ ਮੁਫ਼ਤ ਯਾਤਰਾ ਦੀ ਸਹੂਲਤ ਦਾ ਲਾਭ ਲੈ ਸਕਣਗੀਆਂ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਬਦਲਾਅ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ (ਮੁਫ਼ਤ ਅਤੇ ਰਿਆਇਤੀ ਪਾਸ) (ਦੂਜੀ ਸੋਧ) ਰੈਗੂਲੇਸ਼ਨ, 2026 ਤਹਿਤ ਕੀਤਾ ਗਿਆ ਹੈ। ਦਿੱਲੀ ਟ੍ਰਾਂਸਪੋਰਟ ਵਿਭਾਗ ਦੇ ਇਕ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਦਿੱਲੀ ਦੀਆਂ ਨਿਵਾਸੀ ਔਰਤਾਂ ਡੀ. ਟੀ. ਸੀ. ਅਤੇ ਏ. ਸੀ. ਤੇ ਗ਼ੈਰ-ਏ. ਸੀ. ਵਾਲੀਆਂ ਕਲੱਸਟਰ ਬੱਸਾਂ ’ਚ ਸਿਰਫ ‘ਪਿੰਕ ਸਹੇਲੀ ਸਮਾਰਟ ਕਾਰਡ’ (ਐੱਨ. ਸੀ. ਐੱਮ. ਸੀ.) ਰਾਹੀਂ ਮੁਫ਼ਤ ਯਾਤਰਾ ਕਰ ਸਕਣਗੀਆਂ।
ਹਾਲਾਂਕਿ, ਉਹ ਯਾਤਰਾ ਲਈ ਤੈਅ ਕਰਾਏ ਦੀ ਟਿਕਟ ਵੀ ਖ਼ਰੀਦ ਸਕਦੀਆਂ ਹਨ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਹ ਵਿਵਸਥਾ ਦਿੱਲੀ ਦੇ ਨਿਵਾਸੀ ‘ਟ੍ਰਾਂਸਜੈਂਡਰ’ ਲੋਕਾਂ ’ਤੇ ਵੀ ਲਾਗੂ ਹੋਵੇਗੀ। ਸਰਕਾਰ ਵੱਲੋਂ ਪਹਿਲਾਂ ਜਾਰੀ ਕੀਤੇ ਜਾਣ ਵਾਲੀਆਂ ਗੁਲਾਬੀ ਕਾਗਜ਼ੀ ਟਿਕਟਾਂ ਦੀ ਜਗ੍ਹਾ ਇਸ ਸਾਲ ਮਾਰਚ ’ਚ ਇਹ ਪਿੰਕ ਸਹੇਲੀ ਕਾਰਡ ਪੇਸ਼ ਕੀਤਾ ਗਿਆ ਸੀ। ਟ੍ਰਾਂਸਪੋਰਟ ਵਿਭਾਗ ਨੇ ਪਹਿਲਾਂ ਹੁਕਮ ਦਿੱਤਾ ਸੀ ਕਿ ਇਹ ਸਹੂਲਤ ਲੈਣ ਲਈ 30 ਸਤੰਬਰ ਤੋਂ ਪਿੰਕ ਸਹੇਲੀ ਸਮਾਰਟ ਕਾਰਡ ਲਾਜ਼ਮੀ ਹੋਵੇਗਾ।