ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਮਾਨਿਟਰੀ ਪਾਲਿਸੀ ਲਈ ਲੋੜੀਂਦੇ ਅੰਕੜੇ ਇਕੱਠੇ ਕਰਨ ਦੇ ਉਦੇਸ਼ ਨਾਲ 3 ਪ੍ਰਮੁੱਖ ਸਰਵੇਖਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਪਰਿਵਾਰਾਂ ਦੀ ਮਹਿੰਗਾਈ ਸਬੰਧੀ ਉਮੀਦਾਂ, ਦਿਹਾਤੀ ਖਪਤਕਾਰ ਭਰੋਸੇ ਅਤੇ ਸ਼ਹਿਰੀ ਖਪਤਕਾਰ ਭਰੋਸੇ ਦਾ ਮੁਲਾਂਕਣ ਕੀਤਾ ਜਾਵੇਗਾ।
ਆਰ. ਬੀ. ਆਈ. ਅਨੁਸਾਰ ਜੁਲਾਈ 2026 ਦੇ ਪਰਿਵਾਰਾਂ ਦੇ ਮਹਿੰਗਾਈ ਉਮੀਦ ਸਰਵੇਖਣ ਦਾ ਆਯੋਜਨ 19 ਸ਼ਹਿਰਾਂ ’ਚ ਕੀਤਾ ਜਾਵੇਗਾ। ਇਸ ਤਹਿਤ ਖਪਤਕਾਰਾਂ ਤੋਂ ਅਗਲੇ 3 ਮਹੀਨਿਆਂ ਅਤੇ ਇਕ ਸਾਲ ਦੌਰਾਨ ਕੀਮਤਾਂ ’ਚ ਸੰਭਾਵਿਤ ਬਦਲਾਅ ਅਤੇ ਮਹਿੰਗਾਈ ਨੂੰ ਲੈ ਕੇ ਉਨ੍ਹਾਂ ਦੀ ਧਾਰਨਾ ਅਤੇ ਅੰਦਾਜ਼ੇ ਇਕੱਠੇ ਕੀਤੇ ਜਾਣਗੇ।
ਉੱਥੇ ਹੀ ਗ੍ਰਾਮੀਣ ਖਪਤਕਾਰ ਭਰੋਸਾ ਸਰਵੇਖਣ 31 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੇਂਡੂ ਅਤੇ ਕਸਬੇ ਵਾਲੇ ਖੇਤਰਾਂ ’ਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰੀ ਖਪਤਕਾਰ ਵਿਸ਼ਵਾਸ ਸਰਵੇਖਣ ਜ਼ਰੀਏ ਪਰਿਵਾਰਾਂ ਤੋਂ ਆਰਥਿਕ ਸਥਿਤੀ, ਰੋਜ਼ਗਾਰ, ਕੀਮਤਾਂ, ਆਮਦਨ ਅਤੇ ਖਰਚੇ ਨੂੰ ਲੈ ਕੇ ਉਨ੍ਹਾਂ ਦੀ ਮੌਜੂਦਾ ਧਾਰਨਾ ਅਤੇ ਅਗਲੇ ਇਕ ਸਾਲ ਦੀਆਂ ਉਮੀਦਾਂ ਨਾਲ ਜੁੜੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਨ੍ਹਾਂ ਸਰਵੇਖਣਾਂ ਦੇ ਸਿੱਟੇ ਭਵਿੱਖ ਦੀ ਮਾਨਿਟਰੀ ਪਾਲਿਸੀ ਤੈਅ ਕਰਨ ’ਚ ਸਹਾਇਕ ਹੋਣਗੇ।