ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਵੱਲੋਂ ਸ਼ਹੀਦ ਊਧਮ ਸਿੰਘ ਦਾ ਬਹਾਦਰੀ ਦਿਵਸ ਸਮਾਗਮ ਬੜੇ ਸੁਚੱਜੇ ਢੰਗ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਮਲਕੀਅਤ ਸਿੰਘ ਥਿੰਦ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਦੌਰਾਨ ਸਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਇਲਾਕੇ ਅੰਦਰ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕੰਮਾਂ ਨੂੰ ਲੈ ਕੇ ਮੁੱਖ ਮਹਿਮਾਨ ਅਤੇ ਕਮੇਟੀ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾਂ ਥਿੰਦ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਸ਼ਹੀਦ ਊਧਮ ਸਿੰਘ ਦੇ ਚਾਰ ਪੰਜ ਪ੍ਰੋਗਰਾਮ ਆਯੋਜਿਤ ਕਰਦੇ ਹਨ ਕਿਉਂਕਿ ਇਹਨਾਂ ਵਿੱਚ ਸ਼ਹੀਦ ਦੀ ਕੁਰਬਾਨੀ ਨੂੰ ਸਮਰਪਿਤ ਹੋਕੇ ਕੰਮ ਕਰਨ ਦਾ ਜਜ਼ਬਾ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਇਸ ਕਮੇਟੀ ਦੇ ਨੁਮਾਇੰਦਿਆਂ ਨੇ ਮਿਲਕੇ ਕਰੀਬ ਨੋ ਮੰਗਾਂ ਰੱਖੀਆਂ ਸਨ ਜਿਨ੍ਹਾਂ ਵਿੱਚੋਂ ਅੱਠ ਮੰਗਾਂ ਪੂਰੀਆਂ ਹੋ ਗਈਆਂ ਹਨ। ਜਿਨ੍ਹਾਂ ਵਿੱਚ ਸ਼ਹੀਦ ਦੇ ਸ਼ਹੀਦੀ ਦਿਹਾੜੇ ਮੌਕੇ ਸੂਬੇ ਅੰਦਰ ਛੁੱਟੀ, ਸ਼ਹੀਦ ਦੇ ਨਾਂਅ ਤੇ ਬੱਸ ਸਟੈਂਡ ਬਨਾਉਣ, ਮਿਊਜ਼ੀਅਮ ਦੀ ਉਸਾਰੀ ਅਤੇ ਸ਼ਹਿਰ ਦੇ ਦੋਨਾਂ ਸਾਈਡ ਗੇਟ ਬਨਾਉਣੇ ਅਤੇ ਸੜਕਾਂ ਦਾ ਨਾਂਅ ਸ਼ਹੀਦ ਦੇ ਨਾਮ ਕੀਤਾ ਜਾਣਾ ਸ਼ਾਮਲ ਸੀ।
ਉਨ੍ਹਾਂ ਕਿਹਾ ਕਿ ਹੁਣ ਜੋ ਕੰਮ ਕਰਨ ਵਾਲੇ ਹਨ ਉਹਨਾਂ ਵਿੱਚ ਪੱਛੜੀਆਂ ਸ਼੍ਰੇਣੀਆਂ ਦੀ ਰਿਜ਼ਰਵੇਸ਼ਨ ਨੂੰ 27 ਫੀਸਦੀ ਕਰਵਾਉਣਾ ਹੈ ਜਿਸ ਨਾਲ ਪੱਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਨੂੰ ਵਧੇਰੇ ਨੋਕਰੀਆਂ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਨੋਜਵਾਨਾਂ ਨੂੰ ਸਿਖਿਅਤ ਕਰਨ ਦੀ ਲੋੜ ਹੈ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿਛੜੀਆਂ ਸ਼੍ਰੇਣੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਜੱਥੇਬੰਦੀਆਂ ਇਕੱਠੀਆਂ ਹੋ ਕੇ ਹੰਭਲਾ ਮਾਰਨ ਤਾਂਕੀ ਵਿਦਿਅਕ ਅਦਾਰੇ ਸਥਾਪਿਤ ਕੀਤੇ ਜਾ ਸਕਨ। ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਹਰੀ ਸਿੰਘ ਨਕਵੀ ਮੈਂਬਰ ਐਚ ਐਸ ਪੀ ਸੀ ਆਦਿ ਵੀ ਸ਼ਾਮਲ ਸਨ।
ਇਸ ਮੌਕੇ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਅਤੇ ਚੇਅਰਮੈਨ ਕੇਹਰ ਸਿੰਘ ਨੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।