ਚੰਡੀਗੜ੍ਹ : ਰਿਸ਼ਵਤ ਮਾਮਲੇ ’ਚ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਫੜ੍ਹੇ ਗਏ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਤੋਂ ਹੁਣ ਈ. ਡੀ. ਪੁੱਛਗਿੱਛ ਕਰੇਗੀ। ਮਨੀ ਲਾਂਡਰਿੰਗ ਮਾਮਲੇ ’ਚ ਈ. ਡੀ. ਨੂੰ ਕੁੱਝ ਅਹਿਮ ਸਬੂਤ ਮਿਲੇ ਹਨ। ਇਸੇ ਕਾਰਨ ਈ. ਡੀ. ਨੇ ਕ੍ਰਿਸ਼ਨੂ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਲਈ ਚੰਡੀਗੜ੍ਹ ਦੀ ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ’ਚ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ਦਾਇਰ ਕੀਤੀ ਹੈ। ਕ੍ਰਿਸ਼ਨੂ ਇਸ ਸਮੇਂ ਬੁੜੈਲ ਜੇਲ੍ਹ ’ਚ ਨਿਆਇਕ ਹਿਰਾਸਤ ’ਚ ਹੈ। ਅਦਾਲਤ ਨੇ ਜੇਲ੍ਹ ਸੁਪਰਡੈਂਟ ਰਾਹੀਂ ਕ੍ਰਿਸ਼ਨੂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਮਾਮਲੇ ਦੀ ਸੁਣਵਾਈ 18 ਸਤੰਬਰ ਨੂੰ ਹੋਵੇਗੀ। ਈ. ਡੀ. ਦੀ ਕਾਰਵਾਈ ਅਜਿਹੇ ਸਮੇਂ ਹੋਈ ਹੈ, ਜਦੋਂ ਇਸੇ ਮਾਮਲੇ ’ਚ ਭੁੱਲਰ ਦੀ ਜ਼ਮਾਨਤ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਵੀ ਹਾਲ ਹੀ ’ਚ ਸੁਣਵਾਈ ਹੋਈ ਸੀ। 15 ਸਤੰਬਰ ਨੂੰ ਸੁਪਰੀਮ ਕੋਰਟ ਨੇ ਉਸਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਚਾਰ ਹਫ਼ਤਿਆਂ ਲਈ ਟਾਲ ਦਿੱਤੀ ਅਤੇ ਕਿਹਾ ਸੀ ਕਿ ਮਹੱਤਵਪੂਰਨ ਗਵਾਹਾਂ ਦੇ ਬਿਆਨ ਦਰਜ ਹੋਣ ਦੇ ਬਾਅਦ ਮਾਮਲੇ ’ਤੇ ਅੱਗੇ ਵਿਚਾਰ ਕੀਤਾ ਜਾਵੇਗਾ।
ਈ.ਡੀ. ਭੁੱਲਰ ਦੇ ਟਿਕਾਣਿਆਂ ’ਤੇ ਕਰ ਚੁੱਕੀ ਹੈ ਛਾਪੇਮਾਰੀ
ਅਪ੍ਰੈਲ ’ਚ ਭੁੱਲਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਪੰਜਾਬ- ਚੰਡੀਗੜ੍ਹ ’ਚ 11 ਠਿਕਾਣਿਆਂ ’ਤੇ ਕਾਰਵਾਈ ਕੀਤੀ ਸੀ। ਚੰਡੀਗੜ੍ਹ ਦੇ ਸੈਕਟਰ-40 ਸਥਿਤ ਭੁੱਲਰ ਦੇ ਘਰ ਦੇ ਇਲਾਵਾ ਲੁਧਿਆਣਾ, ਪਟਿਆਲਾ, ਨਾਭਾ ਅਤੇ ਜਲੰਧਰ ਦੇ ਟਿਕਾਣੇ ਸ਼ਾਮਲ ਸਨ। ਇਸ ਦੌਰਾਨ ਜਾਂਚ ਏਜੰਸੀ ਨੇ ਕਈ ਦਸਤਾਵੇਜ਼ ਆਪਣੇ ਕਬਜੇ ’ਚ ਲਏ ਸਨ। ਹੁਣ ਈ.ਡੀ. ਦੀ ਜਾਂਚ ਦਾ ਅਗਲਾ ਫੋਕਸ ਕ੍ਰਿਸ਼ਨੂ ਸ਼ਾਰਦਾ ਹੈ। ਏਜੰਸੀ ਇਹ ਜਾਣਨਾ ਚਾਹੁੰਦੀ ਹੈ ਕਿ ਰਿਸ਼ਵਤ ਦੀ ਰਕਮ ਨਾਲ ਜੁੜੇ ਕਥਿਤ ਲੈਣ-ਦੇਣ ਅਤੇ ਉਸ ਨਾਲ ਜੁੜੇ ਪੈਸਿਆਂ ਦੀ ਅੱਗੇ ਕਿੱਥੇ ਵਰਤੋਂ ਕੀਤੀ ਗਈ।