ਟਾਂਡਾ ਉੜਮੁੜ : ਆਮ ਆਦਮੀ ਪਾਰਟੀ ਵੱਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਬਣਾਏ ਗਏ ਝੂਠੇ ਮਹਿਲ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਮਿੰਟਾਂ ਵਿੱਚ ਹੀ ਢਹਿ-ਢੇਰੀ ਕਰ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਦਲਿਤ ਯੂਥ ਆਗੂ ਸਰਬਜੀਤ ਸਿੰਘ ਮੋਮੀ, ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਜੌਹਲ ਅਤੇ ਸੀਨੀਅਰ ਦਲਿਤ ਆਗੂ ਵਰਿੰਦਰ ਸਿੰਘ ਜੀਆ ਨੱਥਾ ਨੇ ਗੱਲਬਾਤ ਦੌਰਾਨ ਕੀਤਾ।
ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਪੰਜਾਬ 'ਚ ਹਰ ਇਕ ਫਰੰਟ ਤੇ ਫੇਲ੍ਹ ਹੋਈ ਸਰਕਾਰ ਨੇ ਹੁਣ ਤੱਕ ਲੋਕਾਂ 'ਤੇ ਝੂਠੇ ਪਰਚੇ ਕਰਦੇ ਹੋਏ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਇਥੇ ਹੀ ਬੱਸ ਨਹੀਂ ਇਸ ਸਰਕਾਰ ਨੇ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜੋਕਿ ਮਾਣਯੋਗ ਸੁਪਰੀਮ ਕੋਰਟ ਨੇ ਫੇਲ੍ਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਹਰ ਇਕ ਪੱਖ ਤੋਂ ਬੇਕਸੂਰ ਸਾਬਤ ਹੋਏ ਬਿਕਰਮ ਮਜੀਠੀਆ ਨੂੰ 7 ਮਹੀਨੇ ਜੇਲ੍ਹ ਵਿੱਚ ਡੱਕ ਕੇ ਸਰਕਾਰ ਨੇ ਆਪਣੀ ਮਾੜੀ ਕਾਰਗੁਜ਼ਾਰੀ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ।
ਉਕਤ ਆਗੂਆਂ ਨੇ ਹੋਰ ਕਿਹਾ ਕਿ ਹੁਣ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸੂਬੇ ਤੋਂ ਚੱਲਦਾ ਕਰਨ ਲਈ ਵਿਧਾਨ ਸਭਾ ਚੋਣਾਂ ਦੀ ਉਡੀਕ ਬੜੀ ਬੇਸਬਰੀ ਨਾਲ ਕਰ ਰਹੇ ਹਨ ਕਿਉਂਕਿ ਸਰਕਾਰ ਦੇ ਇਸ ਕਾਰਜਕਾਲ ਦੌਰਾਨ ਪੰਜਾਬ ਹਰੇਕ ਪੱਖ ਤੋਂ ਬੁਰੀ ਤਰਹਾਂ ਪਿਛੜਿਆ ਹੈ। ਇਸ ਮੌਕੇ ਉਕਤ ਆਗੂਆਂ ਨੇ ਹੋਰ ਕਿਹਾ ਕਿ ਬਿਕਰਮ ਮਜੀਠੀਆ ਦੀ ਰਿਹਾਈ ਹੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਫਿਰ ਤੋਂ ਮਜ਼ਬੂਤ ਹੋ ਹੋਵੇਗਾ ਅਤੇ ਆਮ ਆਦਮੀ ਪਾਰਟੀ ਦੀਆਂ ਵਧੀਕੀਆਂ ਦੇਣ ਲਈ ਪਾਰਟੀ ਵੱਲੋਂ ਨਵੀਆਂ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ।