ਨਵੀਂ ਦਿੱਲੀ : ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਈ ਪਾਰਮੇਲਿਨ ਆਪਣੇ 3 ਦਿਨਾ ਅਧਿਕਾਰਤ ਦੌਰੇ 'ਤੇ ਸੋਮਵਾਰ ਨੂੰ ਨਵੀਂ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ, ਜਿਸ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਭਾਰਤ ਅਤੇ ਸਵਿਟਜ਼ਰਲੈਂਡ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਦੁਵੱਲੀ ਗੱਲਬਾਤ ਹੋਈ।
ਰਾਸ਼ਟਰਪਤੀ ਪਾਰਮੇਲਿਨ ਦਾ ਰਾਸ਼ਟਰਪਤੀ ਭਵਨ ਕੰਪਲੈਕਸ 'ਚ ਰਸਮੀ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਘਾਟ ਜਾ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਵਜੋਂ ਪਾਰਮੇਲਿਨ ਦੀ ਇਹ ਪਹਿਲੀ ਅਧਿਕਾਰਤ ਸਰਕਾਰੀ ਯਾਤਰਾ ਹੈ, ਹਾਲਾਂਕਿ ਇਸੇ ਸਾਲ ਫਰਵਰੀ ਵਿੱਚ ਉਹ 'ਏ.ਆਈ. ਇੰਪੈਕਟ ਸਮਿਟ' 'ਚ ਹਿੱਸਾ ਲੈਣ ਲਈ ਭਾਰਤ ਆਏ ਸਨ।
ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਸਵਿਸ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ। ਜੈਸ਼ੰਕਰ ਨੇ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਰਾਸ਼ਟਰਪਤੀ ਪਾਰਮੇਲਿਨ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਮਾਰਚ 2024 ਵਿੱਚ ਭਾਰਤ ਅਤੇ 'ਯੂਰਪੀਅਨ ਮੁਕਤ ਵਪਾਰ ਸੰਘ' (EFTA - ਜਿਸ ਵਿੱਚ ਸਵਿਟਜ਼ਰਲੈਂਡ, ਆਈਸਲੈਂਡ, ਲਿਚਟੇਨਸਟਾਈਨ ਅਤੇ ਨੌਰਵੇ ਸ਼ਾਮਲ ਹਨ) ਵਿਚਾਲੇ 'ਵਪਾਰ ਅਤੇ ਆਰਥਿਕ ਸਾਂਝੇਦਾਰੀ ਸਮਝੌਤਾ' ਸਹੀਬੱਧ ਕੀਤਾ ਗਿਆ ਸੀ। ਇਸ ਸਮਝੌਤੇ ਤਹਿਤ EFTA ਦੇਸ਼ ਅਗਲੇ 15 ਸਾਲਾਂ 'ਚ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰਨਗੇ। ਇਹ ਸਮਝੌਤਾ ਅਕਤੂਬਰ 2025 ਤੋਂ ਲਾਗੂ ਹੋ ਚੁੱਕਾ ਹੈ।
ਤਾਜ਼ਾ ਅੰਕੜਿਆਂ ਅਨੁਸਾਰ, ਇੰਜੀਨੀਅਰਿੰਗ, ਕੈਮੀਕਲ, ਫਾਰਮਾਸਿਊਟੀਕਲ ਅਤੇ ਸਰਵਿਸ ਸੈਕਟਰ 'ਚ 330 ਤੋਂ ਵੱਧ ਸਵਿਸ ਕੰਪਨੀਆਂ ਭਾਰਤ 'ਚ ਕੰਮ ਕਰ ਰਹੀਆਂ ਹਨ। ਦੂਜੇ ਪਾਸੇ, ਭਾਰਤੀ ਆਈ.ਟੀ. (IT), ਮਸ਼ੀਨਰੀ ਅਤੇ ਫਾਰਮਾ ਕੰਪਨੀਆਂ ਸਵਿਟਜ਼ਰਲੈਂਡ ਵਿੱਚ ਆਪਣਾ ਕਾਰੋਬਾਰ ਚਲਾ ਰਹੀਆਂ ਹਨ।
ਆਪਣੇ ਇਸ ਦੌਰੇ ਦੌਰਾਨ ਰਾਸ਼ਟਰਪਤੀ ਗਾਈ ਪਾਰਮੇਲਿਨ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ। ਰਾਸ਼ਟਰਪਤੀ ਮੁਰਮੂ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਰਾਸ਼ਟਰਪਤੀ ਭਵਨ ਵਿਖੇ ਸਰਕਾਰੀ ਭੋਜਨ ਦਾ ਆਯੋਜਨ ਕੀਤਾ ਜਾਵੇਗਾ।