ਨਵੀਂ ਦਿੱਲੀ : ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੰਗਲਵਾਰ ਨੂੰ ਆਪਣੇ ਤਿੰਨ ਦਿਨਾ ਭਾਰਤ ਦੌਰੇ ਦੇ ਪਹਿਲੇ ਪੜਾਅ ਤਹਿਤ ਮੁੰਬਈ ਪਹੁੰਚ ਗਏ ਹਨ। ਇਸ ਸਾਲ ਰੂਬੀਓ ਦੀ ਇਹ ਦੂਜੀ ਭਾਰਤ ਫੇਰੀ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮਹਾਰਾਸ਼ਟਰ ਦੇ ਮੰਤਰੀ ਆਸ਼ੀਸ਼ ਸ਼ੇਲਾਰ ਅਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਉਨ੍ਹਾਂ ਦਾ ਸੁਆਗਤ ਕੀਤਾ। ਰੂਬੀਓ ਨਾਲ ਇੱਕ ਉੱਚ ਪੱਧਰੀ ਅਮਰੀਕੀ ਵਪਾਰਕ ਪ੍ਰਤੀਨਿਧ ਮੰਡਲ ਵੀ ਭਾਰਤ ਆਇਆ ਹੈ। ਉਹ ਮੰਗਲਵਾਰ ਦੁਪਹਿਰ ਮੁੰਬਈ ਵਿਖੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਅਹਿਮ ਬੈਠਕ ਕਰਨਗੇ।
ਇਸ ਦੌਰੇ ਤੋਂ ਠੀਕ ਪਹਿਲਾਂ ਉਜ਼ਬੇਕਿਸਤਾਨ 'ਚ ਇਕ ਬਿਆਨ ਦੌਰਾਨ ਰੂਬੀਓ ਨੇ ਸੰਕੇਤ ਦਿੱਤਾ ਕਿ ਭਾਰਤ ਅਤੇ ਅਮਰੀਕਾ ਪ੍ਰਸਤਾਵਿਤ ਵਪਾਰਕ ਸਮਝੌਤੇ ਦੇ ਬਹੁਤ ਕਰੀਬ ਪਹੁੰਚ ਚੁੱਕੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ, ਜਿਨ੍ਹਾਂ 'ਚ ਭਾਰਤ ਸ਼ਾਮਲ ਹੈ ਨੂੰ ਹਾਲ ਹੀ 'ਚ ਦਿੱਤੀ ਗਈ ਟੈਰਿਫ ਛੋਟ ਵੀ ਇਸ ਸਮਝੌਤੇ ਦੀ ਗੱਲਬਾਤ ਨਾਲ ਜੁੜੀ ਹੋਈ ਹੈ।
ਰੂਬੀਓ ਦੇ ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਊਰਜਾ, ਰੱਖਿਆ, ਕ੍ਰਿਟੀਕਲ ਟੈਕਨਾਲੋਜੀ, ਨਿਵੇਸ਼ ਅਤੇ ਮਿਡਲ ਈਸਟ ਦੇ ਵਧਦੇ ਸੰਕਟ 'ਤੇ ਵਿਸਥਾਰ ਨਾਲ ਚਰਚਾ ਹੋਵੇਗੀ।
ਰੂਬੀਓ ਮੁੰਬਈ ਦੇ 'ਤਾਜ ਸਮਾਰਕ' ਵਿਖੇ 26/11 ਅੱਤਵਾਦੀ ਹਮਲੇ 'ਚ ਜਾਨ ਗੁਆਉਣ ਵਾਲੇ 160 ਤੋਂ ਵੱਧ ਲੋਕਾਂ ਨੂੰ ਫੁੱਲ ਭੇਂਟ ਕਰ ਕੇ ਸ਼ਰਧਾਂਜਲੀ ਦੇਣਗੇ। ਇਸ ਮਗਰੋਂ ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਗੁਜਰਾਤ ਦੇ ਜਾਮਨਗਰ ਜਾਣਗੇ, ਜਿੱਥੇ ਉਹ ਊਰਜਾ ਖੇਤਰ ਅਤੇ ਰਿਫਾਇਨਰੀ ਪ੍ਰੋਜੈਕਟਾਂ ਨਾਲ ਜੁੜੀਆਂ ਮੀਟਿੰਗਾਂ 'ਚ ਹਿੱਸਾ ਲੈਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕਾ ਵੱਲੋਂ ਭਾਰਤ 'ਤੇ ਲਗਾਏ ਗਏ ਰੈਸੀਪ੍ਰੋਕਲ ਟੈਰਿਫ, ਟਰੰਪ ਦੇ ਵਿਵਾਦਪੂਰਨ ਬਿਆਨਾਂ, H-1B ਵੀਜ਼ਾ ਫੀਸਾਂ 'ਚ ਵਾਧੇ ਅਤੇ ਭਾਰਤੀ IT ਕੰਪਨੀਆਂ ਦੇ ਗ੍ਰੀਨ-ਕਾਰਡ ਪ੍ਰੋਸੈੱਸਿੰਗ ਪ੍ਰੋਗਰਾਮਾਂ 'ਤੇ ਲਗਾਈਆਂ ਪਾਬੰਦੀਆਂ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਆਈ ਖਟਾਸ ਤੋਂ ਬਾਅਦ, ਰੂਬੀਓ ਦਾ ਇਹ ਦੌਰਾ ਆਰਥਿਕ ਅਤੇ ਰਣਨੀਤਕ ਸਬੰਧਾਂ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।