ਭਾਰਤ ਦੀਆਂ ਮਜ਼ਬੂਤ ਆਰਥਿਕ ਸਰਗਰਮੀਆਂ ਅਤੇ ਜੂਨ ਤਿਮਾਹੀ ’ਚ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਨਾਲ ਗਲੋਬਲ ਰੇਟਿੰਗ ਏਜੰਸੀਆਂ ਦਾ ਭਰੋਸਾ ਵਧਿਆ ਹੈ। ਗਲੋਬਲ ਰੇਟਿੰਗ ਏਜੰਸੀਆਂ ਐੱਸ. ਐਂਡ ਪੀ. ਅਤੇ ਫਿਚ ਨੇ ਵਿੱਤੀ ਸਾਲ 2026-27 ਲਈ ਭਾਰਤ ਦੇ ਆਰਥਿਕ ਵਾਧੇ ਦਾ ਅੰਦਾਜ਼ਾ ਵਧਾ ਕੇ ਕ੍ਰਮਵਾਰ 7 ਫੀਸਦੀ ਅਤੇ 6.9 ਫੀਸਦੀ ਕਰ ਦਿੱਤਾ ਹੈ। ਦੋਵਾਂ ਏਜੰਸੀਆਂ ਨੇ ਜੂਨ ਤਿਮਾਹੀ ’ਚ ਭਾਰਤੀ ਅਰਥਵਿਵਸਥਾ ਦੇ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਨੂੰ ਅੰਦਾਜ਼ਾ ਵਧਾਉਣ ਦਾ ਮੁੱਖ ਕਾਰਨ ਦੱਸਿਆ ਹੈ। ਉੱਥੇ ਹੀ ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਅਤੇ ਓ. ਈ. ਸੀ. ਡੀ. ਨੇ ਵੀ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ ਵਧਾ ਕੇ ਕ੍ਰਮਵਾਰ 7 ਅਤੇ 7.1 ਫੀਸਦੀ ਕਰ ਦਿੱਤਾ ਹੈ। ਭਾਰਤ ਲਈ ਓ. ਈ. ਸੀ. ਡੀ. ਦਾ 7.1 ਫੀਸਦੀ ਵਾਧੇ ਦਾ ਅੰਦਾਜ਼ਾ ਮੁੱਖ ਅੰਤਰਰਾਸ਼ਟਰੀ ਏਜੰਸੀਆਂ ’ਚ ਸਭ ਤੋਂ ਵੱਧ ਹੈ।
ਜੂਨ ਤਿਮਾਹੀ ’ਚ 7.8 ਫੀਸਦੀ ਦਾ ਵਾਧਾ
ਭਾਰਤ ਦੀ ਅਰਥਵਿਵਸਥਾ ਨੇ ਅਪ੍ਰੈਲ-ਜੂਨ ਤਿਮਾਹੀ ’ਚ 7.8 ਫੀਸਦੀ ਦਾ ਮਜ਼ਬੂਤ ਵਾਧਾ ਦਰਜ ਕੀਤਾ। ਉਦਯੋਗਿਕ ਸਰਗਰਮੀਆਂ ’ਚ ਤੇਜ਼ੀ, ਘਰੇਲੂ ਖਪਤ ’ਚ ਸੁਧਾਰ, ਵਸਤਾਂ ਦੀ ਮਜ਼ਬੂਤ ਬਰਾਮਦ ਅਤੇ ਸਰਕਾਰੀ ਨਿਵੇਸ਼ ’ਚ ਵਾਧੇ ਨੇ ਆਰਥਿਕ ਵਾਧੇ ਨੂੰ ਰਫਤਾਰ ਦਿੱਤੀ। ਹਾਲਾਂਕਿ ਨਿਰਮਾਣ (ਮੈਨੂਫੈਕਚਰਿੰਗ) ਅਤੇ ਸੇਵਾ ਖੇਤਰ ਦੀਆਂ ਗਤੀਵਿਧੀਆਂ ’ਚ ਅੱਗੇ ਨਰਮੀ ਅਤੇ ਆਮ ਨਾਲੋਂ ਘੱਟ ਮਾਨਸੂਨੀ ਮੀਂਹ ਦਾ ਅਸਰ ਵਿੱਤੀ ਸਾਲ ਦੇ ਬਾਕੀ ਸਮੇਂ ’ਚ ਵਾਧੇ ’ਤੇ ਪੈ ਸਕਦਾ ਹੈ।
ਐੱਸ. ਐਂਡ ਪੀ. ਨੇ ਅੰਦਾਜ਼ਾ 6.6 ਤੋਂ ਵਧਾ ਕੇ 7 ਫੀਸਦੀ ਕੀਤਾ
ਐੱਸ. ਐਂਡ ਪੀ. ਨੇ ਆਪਣੀ ‘ਇਕਨਾਮਿਕ ਐਕਟੀਵਿਟੀ ਫਾਰ ਏਸ਼ੀਆ ਪੈਸੀਫਿਕ’ ਰਿਪੋਰਟ ’ਚ ਵਿੱਤੀ ਸਾਲ 2026-27 ਲਈ ਭਾਰਤ ਦੇ ਜੀ. ਡੀ. ਪੀ. ਵਾਧੇ ਦਾ ਅੰਦਾਜ਼ਾ 6.6 ਫੀਸਦੀ ਤੋਂ ਵਧਾ ਕੇ 7 ਫੀਸਦੀ ਕਰ ਦਿੱਤਾ। ਏਜੰਸੀ ਨੇ ਇਸ ਸਮੇਂ ਦੌਰਾਨ ਪ੍ਰਚੂਨ ਮਹਿੰਗਾਈ ਔਸਤਨ 5.1 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ। ਐੱਸ. ਐਂਡ ਪੀ. ਅਨੁਸਾਰ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੇ ਸਰਲੀਕਰਨ ਅਤੇ ਆਮਦਨ ਕਰ ’ਚ ਕਟੌਤੀ ਤੋਂ ਮਿਲਣ ਵਾਲਾ ਲਾਭ ਘੱਟ ਹੋਣ ਕਾਰਨ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ ਆਰਥਿਕ ਵਾਧੇ ਦੀ ਰਫਤਾਰ ਸੁਸਤ ਪੈ ਸਕਦੀ ਹੈ। ਏਜੰਸੀ ਨੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਆਰਥਿਕ ਵਾਧੇ ਦਾ ਅੰਦਾਜ਼ਾ ਵੀ 4.4 ਫੀਸਦੀ ਤੋਂ ਵਧਾ ਕੇ 4.6 ਫੀਸਦੀ ਕੀਤਾ ਹੈ।
ਫਿਚ ਨੇ ਵਾਧੇ ਦਾ ਅੰਦਾਜ਼ਾ 6.4 ਤੋਂ ਵਧਾ ਕੇ 6.9 ਫੀਸਦੀ ਕੀਤਾ
ਫਿਚ ਰੇਟਿੰਗਸ ਨੇ ਆਪਣੀ ‘ਗਲੋਬਲ ਆਰਥਿਕ ਸਨੈਰੀਓ’ ਰਿਪੋਰਟ ’ਚ ਭਾਰਤ ਦੇ ਆਰਥਿਕ ਵਾਧੇ ਦਾ ਅੰਦਾਜ਼ਾ 6.4 ਫੀਸਦੀ ਤੋਂ ਵਧਾ ਕੇ 6.9 ਫੀਸਦੀ ਕਰ ਦਿੱਤਾ ਹੈ। ਏਜੰਸੀ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਨਾਲ ਜੁੜੇ ਝਟਕਿਆਂ ਦੇ ਬਾਵਜੂਦ ਭਾਰਤ ’ਚ ਆਰਥਿਕ ਸਰਗਰਮੀਆਂ ਮਜ਼ਬੂਤ ਬਣੀਆਂ ਹੋਈਆਂ ਹਨ। ਫਿਚ ਅਨੁਸਾਰ ਨਿੱਜੀ ਨਿਵੇਸ਼ ਦੀਆਂ ਸੰਭਾਵਨਾਵਾਂ ਬਿਹਤਰ ਹੋਈਆਂ ਹਨ ਅਤੇ ਨਿਵੇਸ਼ ’ਚ 10 ਫੀਸਦੀ ਤੋਂ ਵੱਧ ਵਾਧਾ ਹੋ ਸਕਦਾ ਹੈ। ਏਜੰਸੀ ਨੇ ਕਿਹਾ ਕਿ ਨੇੜਲੇ ਭਵਿੱਖ ’ਚ ਮਹਿੰਗਾਈ ਵਧ ਸਕਦੀ ਹੈ ਅਤੇ ਦਸੰਬਰ ’ਚ ਪ੍ਰਚੂਨ ਮਹਿੰਗਾਈ 5.5 ਫੀਸਦੀ ਤੱਕ ਪਹੁੰਚ ਸਕਦੀ ਹੈ। ਇਸ ਤੋਂ ਬਾਅਦ ਇਸ ’ਚ ਨਰਮੀ ਆਉਣ ਅਤੇ 2027 ਦੇ ਆਖਿਰ ਤੱਕ ਇਸ ਦੇ 4.2 ਫੀਸਦੀ ਦੇ ਆਸ-ਪਾਸ ਰਹਿਣ ਦਾ ਅੰਦਾਜ਼ਾ ਹੈ।
ਏ. ਡੀ. ਬੀ. ਅਤੇ ਓ. ਈ. ਸੀ. ਡੀ. ਨੇ ਵੀ ਵਧਾਇਆ ਅੰਦਾਜ਼ਾ
ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਵਿੱਤੀ ਸਾਲ 2026-27 ਲਈ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ 6.6 ਫੀਸਦੀ ਤੋਂ ਵਧਾ ਕੇ 7 ਫੀਸਦੀ ਕਰ ਦਿੱਤਾ ਹੈ। ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓ. ਈ. ਸੀ. ਡੀ.) ਨੇ ਮਜ਼ਬੂਤ ਘਰੇਲੂ ਮੰਗ ਅਤੇ ਸਰਕਾਰੀ ਨੀਤੀਆਂ ਨੂੰ ਦੇਖਦੇ ਹੋਏ ਭਾਰਤ ਦੀ ਆਰਥਿਕ ਵਾਧਾ ਦਰ ਦਾ ਅੰਦਾਜ਼ਾ 0.80 ਫੀਸਦੀ ਅੰਕ ਵਧਾ ਕੇ 7.1 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੀ ਮੂਡੀਜ਼ ਰੇਟਿੰਗਸ ਨੇ ਵੀ ਭਾਰਤ ਦੇ ਆਰਥਿਕ ਵਾਧੇ ਦਾ ਅੰਦਾਜ਼ਾ ਵਧਾ ਕੇ 7 ਫੀਸਦੀ ਕੀਤਾ ਸੀ। ਓ. ਈ. ਸੀ. ਡੀ. ਨੇ ਕਿਹਾ ਕਿ ਉੱਭਰਦੀਆਂ ਅਰਥਵਿਵਸਥਾਵਾਂ ’ਚ ਭਾਰਤ ਮਹਿੰਗਾਈ ਦੇ ਵਧਦੇ ਦਬਾਅ ਨੂੰ ਘੱਟ ਕਰਨ ਲਈ ਅਸਥਾਈ ਤੌਰ ’ਤੇ ਨੀਤੀਗਤ ਦਰ ਵਧਾ ਸਕਦਾ ਹੈ।
ਆਰ. ਬੀ. ਆਈ. ਦਾ ਅੰਦਾਜ਼ਾ 6.7 ਫੀਸਦੀ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਿੱਤੀ ਸਾਲ 2026-27 ’ਚ ਭਾਰਤ ਦਾ ਆਰਥਿਕ ਵਾਧਾ 6.7 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ। ਭਾਰਤ ਨੇ ਵਿੱਤੀ ਸਾਲ 2025-26 ’ਚ 7.8 ਫੀਸਦੀ ਦਾ ਆਰਥਿਕ ਵਾਧਾ ਦਰਜ ਕੀਤਾ ਸੀ। ਇਨ੍ਹਾਂ ਅੰਦਾਜ਼ਿਆਂ ਅਨੁਸਾਰ ਭਾਰਤ ਮੁੱਖ ਜੀ20 ਅਰਥਵਿਵਸਥਾਵਾਂ ’ਚ ਤੇਜ਼ੀ ਨਾਲ ਵਾਧਾ ਦਰਜ ਕਰਨ ਵਾਲੀਆਂ ਅਰਥਵਿਵਸਥਾਵਾਂ ’ਚ ਬਣਿਆ ਹੋਇਆ ਹੈ।
ਗਲੋਬਲ ਅਰਥਵਿਵਸਥਾ ਲਈ ਵੀ ਅੰਦਾਜ਼ਾ ਵਧਾਇਆ
ਫਿਚ ਨੇ ਗਲੋਬਲ ਜੀ. ਡੀ. ਪੀ. ਵਾਧੇ ਦਾ ਅੰਦਾਜ਼ਾ 0.20 ਫੀਸਦੀ ਵਧਾ ਕੇ 2.6 ਫੀਸਦੀ ਕਰ ਦਿੱਤਾ ਹੈ। ਹਾਲਾਂਕਿ ਏਜੰਸੀ ਨੇ ਕਿਹਾ ਕਿ ਊਰਜਾ ਕੀਮਤਾਂ ’ਚ ਝਟਕਿਆਂ ਦੇ ਬਾਵਜੂਦ ਗਲੋਬਲ ਵਾਧਾ ਬਣਿਆ ਹੋਇਆ ਹੈ ਪਰ ਅਸਲ ਵਿਆਜ ਦਰਾਂ ’ਚ ਵਾਧਾ ਚੁਣੌਤੀ ਬਣਿਆ ਹੋਇਆ ਹੈ। ਐੱਸ. ਐਂਡ ਪੀ. ਨੇ ਵੀ ਊਰਜਾ ਦੀਆਂ ਉੱਚੀਆਂ ਕੀਮਤਾਂ, ਅਮਰੀਕਾ ’ਚ ਸਖਤ ਕਰੰਸੀ ਨੀਤੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਖੇਤਰ ’ਚ ਨਿਵੇਸ਼ ਕਮਜ਼ੋਰ ਪੈਣ ਦੇ ਜੋਖਮ ਨੂੰ ਗਲੋਬਲ ਅਰਥਵਿਵਸਥਾ ਲਈ ਮੁੱਖ ਚੁਣੌਤੀਆਂ ’ਚ ਗਿਣਿਆ ਹੈ।