ਨਵੀਂ ਦਿੱਲੀ : ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਦੇ ਸਬੰਧਾਂ 'ਚ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਕਾਫ਼ੀ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸਰਹੱਦੀ ਮਸਲਿਆਂ ਦਾ ਹੱਲ ਹੋ ਰਿਹਾ ਹੈ, ਦੋਵਾਂ ਦੇਸ਼ਾਂ ਦੇ ਸਬੰਧ ਸੁਚਾਰੂ ਹੋ ਰਹੇ ਹਨ ਤੇ ਪਹਿਲਾਂ ਵਾਂਗ ਪਟੜੀ 'ਤੇ ਆ ਰਹੇ ਹਨ। ਨਿਊਯਾਰਕ 'ਚ 'ਏਸ਼ੀਆ ਸੋਸਾਇਟੀ' ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਵਿਦੇਸ਼ ਮੰਤਰੀ ਨੇ ਭਾਰਤ-ਚੀਨ ਸਬੰਧਾਂ 'ਤੇ ਇਹ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ।
ਡਾ. ਜੈਸ਼ੰਕਰ ਨੇ ਕਿਹਾ, "ਜੇ ਤੁਸੀਂ ਮੈਨੂੰ ਪੁੱਛੋ ਕਿ ਕੀ 2025 ਜਾਂ 2024 ਦੇ ਮੁਕਾਬਲੇ ਅੱਜ ਭਾਰਤ-ਚੀਨ ਦੇ ਸਬੰਧ ਬਿਹਤਰ ਹਨ ? ਤਾਂ ਮੈਂ ਕਹਾਂਗਾ ਹਾਂ, ਬਿਲਕੁਲ।" ਉਨ੍ਹਾਂ ਸਪੱਸ਼ਟ ਕੀਤਾ ਕਿ 2020 ਦੇ ਸਰਹੱਦੀ ਤਣਾਅ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਪੂਰੀ ਤਰ੍ਹਾਂ ਲੀਹੋਂ ਲਹਿ ਗਏ ਸਨ। ਹਾਲਾਂਕਿ ਇਸ ਦੌਰਾਨ ਵਪਾਰ ਜਾਰੀ ਰਿਹਾ, ਪਰ ਵੀਜ਼ਾ ਅਤੇ ਉਡਾਣਾਂ ਲੰਬੇ ਸਮੇਂ ਤੱਕ ਪ੍ਰਭਾਵਿਤ ਰਹੀਆਂ।
ਉਨ੍ਹਾਂ ਦੱਸਿਆ ਕਿ ਭਾਰਤ ਲਗਾਤਾਰ ਚੀਨ ਅੱਗੇ ਇਹ ਦਲੀਲ ਰੱਖਦਾ ਆ ਰਿਹਾ ਸੀ ਕਿ ਆਪਸੀ ਟਕਰਾਅ ਨਾਲ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇਗਾ ਅਤੇ ਇਸ ਦਾ ਫਾਇਦਾ ਕੋਈ ਤੀਜੀ ਧਿਰ ਨੂੰ ਹੋਵੇਗਾ। ਭਾਰਤੀ ਵਿਦੇਸ਼ ਨੀਤੀ ਦਾ ਮੂਲ ਸਿਧਾਂਤ ਹੈ ਕਿ ਕਿਸੇ ਅਜਿਹੇ ਵਿਵਾਦ 'ਚ ਲੰਬੇ ਸਮੇਂ ਤੱਕ ਨਹੀਂ ਉਲਝਣਾ ਚਾਹੀਦਾ ਜਿਸ ਨਾਲ ਤੀਜੇ ਦੇਸ਼ ਨੂੰ ਫ਼ਾਇਦਾ ਹੋਵੇ।
ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਹੱਦੀ ਤਣਾਅ ਰੱਖ ਕੇ ਸਬੰਧਾਂ ਦੇ ਆਮ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜਿਵੇਂ-ਜਿਵੇਂ ਸਰਹੱਦ 'ਤੇ ਸਥਿਤੀ ਸੁਧਰ ਰਹੀ ਹੈ, ਰਿਸ਼ਤੇ ਵੀ ਲੀਹ 'ਤੇ ਆ ਰਹੇ ਹਨ, ਜੋ ਦੋਵਾਂ ਦੇਸ਼ਾਂ ਲਈ ਫਾਇਦੇਮੰਦ ਹੈ। ਗਲੋਬਲ ਜਿਓ-ਪਾਲੀਟਿਕਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੁਨੀਆ ਤੇਜ਼ੀ ਨਾਲ ਮਲਟੀਪੋਲਰ ਵਰਲਡ ਵੱਲ ਵਧ ਰਹੀ ਹੈ। ਪਿਛਲੇ ਹਫ਼ਤੇ ਵਾਸ਼ਿੰਗਟਨ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ 'G2' ਬੈਠਕ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਾਲੇ ਗੱਲਬਾਤ ਅਤੇ ਮੁਕਾਬਲੇਬਾਜ਼ੀ ਵਿਚਾਲੇ ਬਾਕੀ ਦੇਸ਼ ਆਪਣੇ-ਆਪਣੇ ਹਿਤਾਂ ਅਨੁਸਾਰ ਸੰਤੁਲਨ ਬਣਾ ਰਹੇ ਹਨ, ਤਾਂ ਜੋ ਉਹ ਦੁਨੀਆ ਦੇ ਬਾਕੀ ਦੇਸ਼ਾਂ ਤੋਂ ਪਿੱਛੇ ਨਾ ਰਹਿ ਜਾਣ।