ਚੰਡੀਗੜ੍ਹ/ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਭਾਰਤ–ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਟਵੀਟ ਕਰਕੇ ਕੇਂਦਰ ਸਰਕਾਰ 'ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਾਨਵਰਾਂ ਦੀ ਖੁਰਾਕ ਦੇ ਨਾਮ 'ਤੇ ਅਮਰੀਕੀ ਮੱਕੀ, ਸੋਇਆਬੀਨ ਅਤੇ 'ਜਵਾਰ' ਵਰਗੇ ਭਾਰੀ ਸਬਸਿਡੀ ਵਾਲੇ ਖੇਤੀਬਾੜੀ ਸਾਮਾਨ ਅਤੇ ਸੇਬ ਅਤੇ ਸੰਤਰੇ ਵਰਗੇ ਤਾਜ਼ੇ ਫਲਾਂ ਨੂੰ ਦੇਸ਼ ਵਿੱਚ ਆਉਣ ਦੇਣਾ ਸਾਡੇ ਕਿਸਾਨਾਂ ਲਈ ਤਬਾਹੀ ਦਾ ਕਾਰਨ ਬਣੇਗਾ।
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਇਹ ਹੋਰ ਵੀ ਮੰਦਭਾਗਾ ਹੈ ਕਿ ਵਿਰੋਧੀ ਧਿਰ ਨੂੰ ਸੰਸਦ ਵਿੱਚ ਇਸ ਮੁੱਦੇ 'ਤੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਪਿਛਲੇ 18 ਸਾਲਾਂ ਦੌਰਾਨ ਅਜਿਹੀ ਸਥਿਤੀ ਕਦੇ ਨਹੀਂ ਹੋਈ। ਉਨ੍ਹਾਂ ਅੱਗੇ ਕਿਹਾ ਕਿ ਅੱਧੇ ਸੰਸਦ ਮੈਂਬਰਾਂ ਨੂੰ ਵੀ ਲੋਕਾਂ ਦੁਆਰਾ ਚੁਣਿਆ ਗਿਆ ਹੈ। ਉਨ੍ਹਾਂ ਦੀ ਆਵਾਜ਼ ਨੂੰ ਇਸ ਤਰੀਕੇ ਨਾਲ ਦਬਾਇਆ ਨਹੀਂ ਜਾ ਸਕਦਾ। ਜੇਕਰ ਅਜਿਹਾ ਕਰਨਾ ਹੀ ਹੈ ਤਾਂ ਰਾਸ਼ਟਰਪਤੀ ਭਾਸ਼ਣ ਦੇਣ ਦਾ ਕੋਈ ਮਤਲਬ ਨਹੀਂ ਹੈ।