ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਮਨੋਰੰਜਨ ਕਾਲੀਆ): ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਦੇ ਰੈੱਡ ਰਿਬਨ ਕਲੱਬ ਵੱਲੋਂ ਵਿਦਿਆਰਥਣਾਂ ਨੂੰ ਸਿਹਤ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੀ.ਸੀ.ਓ.ਡੀ. (PCOD), ਪੀ.ਸੀ.ਓ.ਐਸ. (PCOS), ਟੀ.ਬੀ. (Tuberculosis) ਅਤੇ ਤੰਬਾਕੂ ਦੀ ਦੁਰਵਰਤੋਂ ਸਬੰਧੀ ਇੱਕ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਇਹ ਪ੍ਰੋਗਰਾਮ ਰੈੱਡ ਰਿਬਨ ਕਲੱਬ ਦੀ ਇੰਚਾਰਜ ਡਾ. ਗੌਰੀ ਅਤੇ ਸਹਾਇਕ ਸ੍ਰੀ ਓਂਕਾਰ ਸਿੰਘ ਵੱਲੋਂ ਲਿਵਾਸਾ ਹਸਪਤਾਲ, ਨਵਾਂਸ਼ਹਿਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਲਿਵਾਸਾ ਹਸਪਤਾਲ, ਨਵਾਂਸ਼ਹਿਰ ਦੇ ਮੈਨੇਜਰ ਸ੍ਰੀ ਹੇਮੰਤ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਲਿਵਾਸਾ ਹਸਪਤਾਲ, ਨਵਾਂਸ਼ਹਿਰ ਦੀ ਗਾਇਨੇਕੋਲੋਜਿਸਟ ਡਾ. ਜਸਪ੍ਰੀਤ ਕੌਰ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪੀ.ਸੀ.ਓ.ਡੀ. ਅਤੇ ਪੀ.ਸੀ.ਓ.ਐਸ. ਦੇ ਕਾਰਨ, ਲੱਛਣ, ਸਾਵਧਾਨੀਆਂ ਅਤੇ ਸਿਹਤਮੰਦ ਜੀਵਨਸ਼ੈਲੀ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀ.ਬੀ. ਦੀ ਬਿਮਾਰੀ, ਇਸ ਦੇ ਲੱਛਣ, ਬਚਾਅ ਅਤੇ ਇਲਾਜ ਸਬੰਧੀ ਵੀ ਜਾਗਰੂਕ ਕੀਤਾ। ਉਨ੍ਹਾਂ ਨੇ ਤੰਬਾਕੂ ਦੀ ਦੁਰਵਰਤੋਂ ਦੇ ਸਰੀਰਕ ਅਤੇ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥਣਾਂ ਨੂੰ ਤੰਬਾਕੂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਤਰਨਪ੍ਰੀਤ ਕੌਰ ਵਾਲੀਆ ਨੇ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥਣਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਮੁੱਖ ਵਕਤਾ ਡਾ. ਜਸਪ੍ਰੀਤ ਕੌਰ ਦਾ ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ ਅਤੇ ਲਿਵਾਸਾ ਹਸਪਤਾਲ ਦੀ ਟੀਮ, ਸ੍ਰੀ ਹੇਮੰਤ ਅਤੇ ਰੈੱਡ ਰਿਬਨ ਕਲੱਬ ਦੀ ਸਮੁੱਚੀ ਟੀਮ ਦੀ ਇਸ ਉਪਰਾਲੇ ਲਈ ਸ਼ਲਾਘਾ ਕੀਤੀ।