ਬਰਨਾਲਾ : ਬਰਨਾਲਾ ਵਿਚ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਕਥਿਤ ਤੌਰ 'ਤੇ ਮਿਲਾਵਟੀ ਤੇਲ ਤਿਆਰ ਕਰਨ ਵਾਲੇ ਇਕ ਟਿਕਾਣੇ 'ਤੇ ਵੱਡੀ ਕਾਰਵਾਈ ਕਰਦਿਆਂ ਮੌਕੇ ਤੋਂ ਲਗਭਗ 1000 ਲੀਟਰ ਸ਼ੱਕੀ ਤੇਲ ਜ਼ਬਤ ਕਰਕੇ ਪੂਰੇ ਸਟਾਕ ਨੂੰ ਸੀਲ ਕਰ ਦਿੱਤਾ ਹੈ। ਵਿਭਾਗ ਦੀ ਟੀਮ ਨੇ ਮੌਕੇ ਤੋਂ ਤੇਲ ਦੇ ਸੈਂਪਲ ਵੀ ਲਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿਚ ਭੇਜਿਆ ਜਾਵੇਗਾ।
375 ਲੀਟਰ ਵੈਜੀਟੇਬਲ ਆਇਲ ਅਤੇ ਸਰ੍ਹੋਂ ਦਾ ਤੇਲ ਬਰਾਮਦ
ਬਰਨਾਲਾ ਸ਼ਹਿਰ ਵਿਚ ਪਿਛਲੇ ਕੁਝ ਦਿਨਾਂ ਤੋਂ ਮਿਲਾਵਟੀ ਤੇਲ ਤਿਆਰ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟਖੋਰੀ ਵਿਰੁੱਧ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਇਸ ਸਬੰਧੀ ਛਾਪੇਮਾਰੀ ਕੀਤੀ ਗਈ। ਛਾਪੇ ਦੌਰਾਨ ਟੀਮ ਨੂੰ ਮੌਕੇ 'ਤੇ ਇਕ ਟੈਂਕ ਵਿਚੋਂ ਕਰੀਬ 375 ਲੀਟਰ ਵੈਜੀਟੇਬਲ ਆਇਲ ਅਤੇ 600 ਲੀਟਰ ਖੁੱਲ੍ਹਾ ਸਰ੍ਹੋਂ ਦਾ ਤੇਲ ਮਿਲਿਆ, ਜਦਕਿ ਵੱਖ-ਵੱਖ ਪੈਕਿੰਗਾਂ ਵਿਚ ਵੀ ਤੇਲ ਰੱਖਿਆ ਹੋਇਆ ਸੀ। ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਅਨੁਸਾਰ ਮੌਕੇ ਤੋਂ ਕੁੱਲ ਮਿਲਾ ਕੇ ਕਰੀਬ 1000 ਲੀਟਰ ਤੇਲ ਜ਼ਬਤ ਕੀਤਾ ਗਿਆ ਹੈ, ਜਿਸ ਵਿਚ ਲਗਭਗ 750 ਲੀਟਰ ਸਰ੍ਹੋਂ ਦਾ ਤੇਲ ਅਤੇ 375 ਲੀਟਰ ਵੇਜੀਟੇਬਲ ਆਇਲ ਸ਼ਾਮਲ ਹੈ।
ਦੂਜੀ ਥਾਂ ਦਾ ਲਾਇਸੈਂਸ ਅਤੇ ਲੇਬਲਿੰਗ 'ਤੇ ਸ਼ੱਕ
ਮੁੱਢਲੀ ਜਾਂਚ ਵਿਚ ਦੋ ਵੱਖ-ਵੱਖ ਤਰ੍ਹਾਂ ਦੇ ਤੇਲ ਮਿਲਾ ਕੇ ਤਿਆਰ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਜਿਸ ਥਾਂ ਤੋਂ ਤੇਲ ਬਰਾਮਦ ਹੋਇਆ ਹੈ, ਉਸ ਦਾ ਲਾਇਸੈਂਸ ਕਿਸੇ ਹੋਰ ਜਗ੍ਹਾ ਦਾ ਬਣਿਆ ਹੋਇਆ ਹੈ ਅਤੇ ਤੇਲ ਦੀ ਪੈਕਿੰਗ 'ਤੇ ਲਗਾਏ ਗਏ ਰੈਪਰ ਵੀ ਕਿਸੇ ਹੋਰ ਥਾਂ ਦੇ ਹਨ। ਇਸ ਕਾਰਨ ਵਿਭਾਗ ਨੂੰ ਮਿਲਾਵਟ ਦੇ ਨਾਲ-ਨਾਲ ਗ਼ਲਤ ਲੇਬਲਿੰਗ ਦਾ ਵੀ ਸ਼ੱਕ ਹੈ।
ਲੈਬ ਰਿਪੋਰਟ ਦੇ ਆਧਾਰ 'ਤੇ ਹੋਵੇਗੀ ਕਾਨੂੰਨੀ ਕਾਰਵਾਈ
ਅਧਿਕਾਰੀਆਂ ਮੁਤਾਬਕ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਤੇਲ ਵਿਚ ਅਸਲ ਵਿਚ ਮਿਲਾਵਟ ਕੀਤੀ ਗਈ ਸੀ ਜਾਂ ਨਹੀਂ। ਜੇਕਰ ਜਾਂਚ ਵਿਚ ਸੈਂਪਲ ਸਹੀ ਨਹੀਂ ਪਾਏ ਜਾਂਦੇ ਤਾਂ ਫੂਡ ਸੇਫਟੀ ਐਕਟ ਤਹਿਤ ਸਬੰਧਤ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਿਯਮ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਰਹੇਗੀ ਜਾਰੀ
ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਿਛਲੇ ਹਫ਼ਤੇ ਵੀ ਤਪਾ ਖੇਤਰ ਵਿਚ ਸਰ੍ਹੋਂ ਦੇ ਤੇਲ ਨਾਲ ਸਬੰਧਤ ਇਕ ਛੋਟੀ ਪੈਕਿੰਗ ਯੂਨਿਟ ਨੂੰ ਸੀਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਚਾਹੇ ਕੋਈ ਪਨੀਰ, ਮਿਠਾਈਆਂ, ਸਰ੍ਹੋਂ ਦਾ ਤੇਲ ਜਾਂ ਦੇਸੀ ਘਿਓ ਤਿਆਰ ਕਰਦਾ ਹੋਵੇ, ਸਾਰਿਆਂ ਲਈ ਖਾਣ-ਪੀਣ ਵਾਲੀਆਂ ਵਸਤੂਆਂ ਦੀ ਮਿਆਰੀ ਗੁਣਵੱਤਾ ਬਣਾਏ ਰੱਖਣਾ ਜ਼ਰੂਰੀ ਹੈ।