ਬਠਿੰਡਾ:ਕਥਿਤ ਤੌਰ ’ਤੇ ਦੋ ਲੁਟੇਰਿਆਂ ਨਾਲ ਅੱਜ ਬਠਿੰਡਾ ਪੁਲੀਸ ਦੇ ਹੋਇ ਮੁਕਾਬਲੇ ਦੌਰਾਨ ਇੱਕ ਲੁਟੇਰਾ ਲੱਤ ’ਚ ਗੋਲ਼ੀ ਲੱਗਣ ਕਾਰਣ ਜ਼ਖ਼ਮੀ ਹੋ ਗਿਆ। ਇਹ ਵਾਰਦਾਤ ਪਿੰਡ ਬੀੜ ਬਹਿਮਣ ਨੇੜੇ ਸਰਹਿੰਦ ਨਹਿਰ ਦੇ ਪੁਲ ਕੋਲ ਹੋਈ ਦੱਸੀ ਗਈ ਹੈ। ਘਟਨਾ ਸਥਾਨ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਲੰਘੀ 19 ਅਗਸਤ ਨੂੰ ਬਠਿੰਡਾ ਸ਼ਹਿਰ ਦੀ ਗੋਲ ਡਿੱਗੀ ਕੋਲ ਖੋਹ ਦੀ ਘਟਨਾ ਹੋਈ ਸੀ। ਉੱਥੇ ਸੁਮਨ ਗੋਇਲ ਅਤੇ ਕਿਰਨ ਬਾਂਸਲ ਨਾਂਅ ਦੀਆਂ ਦੋ ਬੀਬੀਆਂ ਬਾਜ਼ਾਰ ’ਚੋਂ ਖ਼ਰੀਦੋ-ਫ਼ਰੋਖ਼ਤ ਕਰਕੇ ਜਦੋਂ ਵਾਪਿਸ ਘਰ ਨੂੰ ਪਰਤ ਰਹੀਆਂ ਸਨ, ਤਾਂ ਪਿੱਛੋਂ ਮੋਟਰਸਾਈਕਲ ’ਤੇ ਆਏ ਦੋ ਲੁਟੇਰਿਆਂ ਨੇ ਝਪਟ ਮਾਰ ਕੇ ਕਿਰਨ ਬਾਂਸਲ ਤੋਂ ਉਸ ਦਾ ਸ਼ਾਪਿੰਗ ਬੈਗ ਖੋਹਿਆ ਅਤੇ ਫ਼ਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ 55 ਸਾਲਾ ਕਿਰਨ ਬਾਂਸਲ ਜ਼ਮੀਨ ’ਤੇ ਡਿੱਗ ਪਈ ਅਤੇ ਉਸ ਦੇ ਕਾਫੀ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਦਿੱਲੀ ਹਾਰਟ ਇੰਸਟੀਚਿਊਟ ਬਠਿੰਡਾ ’ਚ ਇਲਾਜ ਲਈ ਦਾਖ਼ਲ ਕਰਾਉਣਾ ਪਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਘਟਨਾ ਦੀ ਸੀਸੀਟੀਵੀ ਰਿਕਾਰਡਿੰਗ ਦੀ ਪੜਤਾਲ ਅਤੇ ਆਪਣੇ ਹੋਰਨਾਂ ਸਰੋਤਾਂ ਰਾਹੀਂ ਲੁਟੇਰਿਆਂ ਦੀ ਪਛਾਣ ਕਰ ਲਈ। ਇਨ੍ਹਾਂ ਵਿੱਚ 21 ਸਾਲਾ ਅਮਨਦੀਪ ਸਿੰਘ ਵਾਸੀ ਊਧਮ ਸਿੰਘ ਨਗਰ ਬਠਿੰਡਾ ਅਤੇ 27 ਸਾਲਾ ਅਮਨਪ੍ਰੀਤ ਸਿੰਘ ਵਾਸੀ ਪਿੰਡ ਫੁੱਲੋ ਮਿੱਠੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਅੱਜ ਸੂਚਨਾ ਮਿਲੀ ਸੀ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਵੇਂ ਸ਼ਖ਼ਸ ਮੋਟਰਸਾਈਕਲ ’ਤੇ ਸ਼ਹਿਰ ਦੇ ਨੇੜੇ-ਤੇੜੇ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਸਤੈਦ ਹੁੰਦਿਆਂ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋਵਾਂ ਜਣਿਆਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਨ੍ਹਾਂ ਮੋਟਰਸਾਈਕਲ ਵਾਪਿਸ ਭਜਾ ਲਿਆ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਪਿੱਛਾ ਕਰਨ ’ਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਅਮਨਪ੍ਰੀਤ ਸਿੰਘ ਨੇ ਪੁਲੀਸ ’ਤੇ ਫਾਇਰ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕੀਤੀ ਜਵਾਬੀ ਫਾਇਰਿੰਗ ’ਚ ਉਸ ਦੀ ਖੱਬੀ ਲੱਤ ’ਤੇ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਅਮਨਦੀਪ ਸਿੰਘ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਪਾਰਟੀ ਨੇ ਦੋਵਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਵਾਂ ਕੋਲੋਂ ਇੱਕ .9 ਐਮਐਮ ਦਾ ਪਿਸਤੌਲ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਖ਼ਿਲਾਫ਼ ਤਾਜ਼ਾ ਘਟਨਾ ਦੇ ਸਬੰਧ ’ਚ ਥਾਣਾ ਕੈਨਾਲ ਕਾਲੋਨੀ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਵਾਂ ਦਾ ਅਦਾਲਤ ਪਾਸੋਂ ਪੁਲੀਸ ਰਿਮਾਂਡ ਲੈ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।