ਨਵੀਂ ਦਿੱਲੀ : ਭਾਰਤੀ ਫ਼ੌਜ ਦੇ ਜਵਾਨਾਂ ਨੂੰ ਹੁਣ ਬਿਹਤਰ ਗੁਣਵੱਤਾ ਵਾਲੇ ਚੌਲ ਸਿੱਧੇ ਫੌਜ ਦੇ ਸਪਲਾਈ ਡਿਪੂ ਤੱਕ ਪਹੁੰਚਾਇਆ ਜਾਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਮੌਜੂਦਗੀ 'ਚ ਸੋਮਵਾਰ ਨੂੰ ਇੱਥੇ 'ਭਾਰਤ ਰਾਈਸ' ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਫ਼ੌਜ ਅਤੇ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਵਿਚਾਲੇ ਸਮਝੌਤਾ ਵੀ ਹੋਇਆ, ਜਿਸ ਦੇ ਅਧੀਨ ਲੋੜ ਪੈਣ 'ਤੇ ਫੌਜ ਆਪਣੀ ਮੁਹਿੰਮ ਦੌਰਾਨ ਐੱਫਸੀਆਈ ਦੇ ਗੋਦਾਮਾਂ, ਮਜ਼ਦੂਰਾਂ ਅਤੇ ਸਾਮਾਨ ਢੋਹਣ ਵਾਲੇ ਉਪਕਰਣਾਂ ਦਾ ਇਸਤੇਮਾਲ ਕਰ ਸਕੇਗੀ।
'ਭਾਰਤ ਰਾਈਸ' ਦੇ ਅਧੀਨ ਚੌਲ ਤੈਅ ਰੱਖਿਆ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਜਾਵੇਗਾ। ਇਸ ਨੂੰ ਵਿੱਤ ਸਾਲ 2026-27 'ਚ ਭਾਰਤੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ (ਨੇਫੇਡ) ਦੇ ਮਾਧਿਅਮ ਨਾਲ ਫੌਜ ਨੂੰ ਦਿੱਤਾ ਜਾਵੇਗਾ। ਚੌਲਾਂ ਦੀ ਗੁਣਵੱਤਾਂ ਦੀ ਜਾਂਚ ਹੋਵੇਗੀ ਅਤੇ ਉਸ 'ਚ ਬਾਹਰੀ ਚੀਜ਼ਾਂ ਜਾਂ ਮਿਲਾਵਟ ਨਹੀਂ ਹੋਵੇਗੀ। ਟੁੱਟੇ, ਕਰਾਮ ਅਤੇ ਬਦਰੰਗ ਦਾਣਿਆਂ ਦੀ ਮਾਤਰਾ ਵੀ ਘੱਟ ਰੱਖੀ ਜਾਵੇਗੀ। ਚੌਲ 10 ਅਤੇ 30 ਕਿਲੋ ਦੇ ਬੋਰਿਆਂ 'ਚ ਉਪਲੱਬਧ ਹੋਣਗੇ, ਜਿਸ ਨਾਲ ਇਸ ਨੂੰ ਚੁੱਕਣ ਅਤੇ ਦੂਰ ਦੇ ਇਲਾਕਿਆਂ ਤੱਕ ਪਹੁੰਚਾਉਣ 'ਚ ਆਸਾਨੀ ਹੋਵੇਗੀ। ਲੱਦਾਖ ਅਤੇ ਪੂਰਬ-ਉੱਤਰ ਦੇ ਦੂਰ ਦੇ ਖੇਤਰਾਂ 'ਚ ਸਥਿਤ ਫ਼ੌਜ ਦੇ ਸਪਲਾਈ ਡਿਪੂ ਤੱਕ ਵੀ ਇਸ ਦੀ ਸਿੱਧੀ ਸਪਲਾਈ ਕੀਤੀ ਜਾਵੇਗੀ।
ਰਾਜਨਾਥ ਸਿੰਘ ਨੇ ਕਿਹਾ ਕਿ "ਭਾਰਤ ਰਾਈਸ" ਕਿਸਾਨ ਦੇ ਖੇਤ ਤੋਂ ਜਵਾਨ ਦੀ ਥਾਲੀ ਤੱਕ ਭਰੋਸੇ ਦਾ ਰਿਸ਼ਤਾ ਹੈ। ਇਹ "ਜੈ ਜਵਾਨ, ਜੈ ਕਿਸਾਨ" ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਛੋਟੇ ਅਤੇ ਸੁਵਿਧਾਜਨਕ ਥੈਲਿਆਂ 'ਚ ਚੌਲ ਮੁਹੱਈਆ ਕਰਵਾਉਣਾ ਮੁਸ਼ਕਲ ਇਲਾਕਿਆਂ 'ਚ ਰਾਸ਼ਨ ਪਹੁੰਚਾਉਣ ਵਾਲੇ ਸੈਨਿਕਾਂ ਲਈ ਇਕ ਵੱਡੀ ਰਾਹਤ ਹੋਵੇਗੀ। ਜਵਾਨਾਂ ਦੀ ਸਿਹਤ, ਮਨੋਬਲ ਅਤੇ ਸਰੀਰਕ ਤੰਦਰੁਸਤੀ ਰਾਸ਼ਟਰੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ। ਫੌਜ ਅਤੇ ਐੱਫਸੀਆਈ ਵਿਚਕਾਰ ਸਮਝੌਤਾ ਲੋੜ ਪੈਣ 'ਤੇ ਰਾਸ਼ਨ ਅਤੇ ਜ਼ਰੂਰੀ ਵਸਤੂਆਂ ਦੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ।
ਇਸ ਸਮਝੌਤੇ ਦੇ ਤਹਿਤ, ਫੌਜ ਨਿਰਧਾਰਤ ਐੱਫਸੀਆਈ ਗੋਦਾਮਾਂ, ਸਟੋਰੇਜ ਸਹੂਲਤਾਂ, ਕਰਮਚਾਰੀਆਂ ਅਤੇ ਸਾਮਾਨ ਸੰਭਾਲਣ ਵਾਲੇ ਉਪਕਰਣਾਂ ਦੀ ਵਰਤੋਂ ਕਰ ਸਕੇਗੀ। ਇਹ ਸਮਝੌਤਾ 5 ਸਾਲ ਤੱਕ ਲਾਗੂ ਰਹੇਗਾ, ਜਿਸ ਨੂੰ ਦੋਵਾਂ ਪੱਖਾਂ ਦੀ ਸਹਿਮਤੀ ਨਾਲ ਅੱਗੇ ਵਧਾਇਆ ਜਾ ਸਕੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਆਧੁਨਿਕ ਯੁੱਧ 'ਚ ਹਥਿਆਰਾਂ ਅਤੇ ਤਕਨੀਕ ਨਾਲ ਸਾਮਾਨ ਦੀ ਸਮੇਂ 'ਤੇ ਸਪਲਾਈ ਵੀ ਬੇਹੱਦ ਅਹਿਮ ਹੈ। ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਦੀ ਰੱਖਿਆ ਕਰ ਰਹੇ ਸੈਨਿਕਾਂ ਨੂੰ ਚੰਗੀ ਗੁਣਵੱਤਾ ਵਾਲਾ ਭੋਜਨ ਪ੍ਰਦਾਨ ਕਰਨਾ ਉਨ੍ਹਾਂ ਦੇ ਵਿਭਾਗ ਦਾ ਫਰਜ਼ ਹੈ।