ਇਸ ਕੀਰਤਨ ਦਰਬਾਰ ਵਿੱਚ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ, ਚੇਅਰਮੈਨ ਇੰਪਰੂਵਮੈਂਟ ਟਰੱਸਟ ਸਤਨਾਮ ਸਿੰਘ ਜਲਵਾਹਾ, ਹਲਕਾ ਇੰਚਾਰਜ ਰੂਬੀ ਕੰਗ, ਭੁਪਿੰਦਰ ਪਾਲ ਜਾਡਲਾ ਅਤੇ ਪਵਨਜੀਤ ਸਿੱਧੂ ਨੇ ਸ਼ਰਧਾਲੂਆਂ ਵਜੋਂ ਹਾਜ਼ਰੀ ਭਰੀ ਅਤੇ ਮੱਥਾ ਟੇਕਿਆ। ਇਸ ਮੌਕੇ ਸੰਤ ਸਮਾਜ ਦੀਆਂ ਕਈ ਪ੍ਰਮੁੱਖ ਹਸਤੀਆਂ ਵੀ ਪਹੁੰਚੀਆਂ, ਜਿਨ੍ਹਾਂ ਵਿੱਚ ਸੰਤ ਸਤਵਿੰਦਰਜੀਤ ਸਿੰਘ ਹੀਰਾ ਜੀ, ਸੰਤ ਕਾਹਨ ਸਿੰਘ ਹੈਬੋਵਾਲ ਜੀ, ਸੰਤ ਸੋਹਨ ਸਿੰਘ ਜੀ, ਸੰਤ ਨਿਰਮਲ ਦਾਸ ਜੀ ਜੋੜੇ ਵਾਲੇ, ਸੰਤ ਸੁੰਦਰ ਦਾਸ ਜੀ, ਸੰਤ ਬਾਬਾ ਨਰੇਸ਼ ਸਿੰਘ ਜੀ, ਸੰਤ ਬਾਬਾ ਸੁਖਦੇਵ ਸਿੰਘ ਜੀ, ਸੰਤ ਅਰਜਨ ਦੇਵ ਜੀ, ਸ੍ਰੀ ਖੁਰਾਲਗੜ੍ਹ ਸਾਹਿਬ ਦੇ ਸੰਤ ਜਗਦੀਸ਼ ਜੀ, ਸੰਤ ਕੇਵਲ ਸਿੰਘ ਜੀ, ਸੰਤ ਗਿਰਧਾਰੀ ਲਾਲ ਜੀ, ਸੰਤ ਬਾਬਾ ਰਜਿੰਦਰ ਸਿੰਘ ਜੀ, ਸੰਤ ਬਾਬਾ ਸਤਨਾਮ ਦਾਸ ਜੀ ਅਤੇ ਸੰਤ ਬਾਬਾ ਜਸਵਿੰਦਰ ਸਿੰਘ ਜੀ ਸ਼ਾਮਲ ਸਨ।
ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਵੱਲੋਂ ਕੀਤੇ ਗਏ ਮਧੁਰ ਗੁਰਬਾਣੀ ਕੀਰਤਨ ਨੇ ਸੰਗਤਾਂ ਨੂੰ ਨਿਹਾਲ ਕਰ ਦਿੱਤਾ। ਭਾਈ ਗੁਰਮੀਤ ਸਿੰਘ ਨੇ ਗੁਰਬਾਣੀ ਕਥਾ ਕਰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸਿੱਖਿਆਵਾਂ ਅਤੇ ਦਰਸ਼ਨ ਬਾਰੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਗੁਰੂ ਜੀ ਦੇ ਸਮਾਨਤਾ, ਨਿਮਰਤਾ ਅਤੇ ਨਿਸ਼ਕਾਮ ਸੇਵਾ ਦੇ ਆਦਰਸ਼ਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪੂਰੇ ਸੂਬੇ ਵਿੱਚ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਵਿਸ਼ਾਲ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ ਅਤੇ ਮੁੱਖ ਮੰਤਰੀ ਵੱਲੋਂ ਝੰਡੀ ਦੇ ਕੇ ਰਵਾਨਾ ਕੀਤੀਆਂ ਗਈਆਂ ਵਿਸ਼ੇਸ਼ ਪ੍ਰਚਾਰ ਵੈਨਾਂ ਰਾਹੀਂ ਸੂਬੇ ਦੇ 12,000 ਤੋਂ ਵੱਧ ਪਿੰਡਾਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਆਧਾਰਿਤ ਡਾਕੂਮੈਂਟਰੀ ਫਿਲਮਾਂ ਦਿਖਾਈਆਂ ਜਾ ਰਹੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦੇ ਮੱਦੇਨਜ਼ਰ 6.50 ਲੱਖ ਬੂਟੇ ਲਗਾਉਣ ਦੀ ਵਿਲੱਖਣ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਡੇਰਾ ਸੱਚਖੰਡ ਬੱਲਾਂ ਨੇੜੇ 11 ਏਕੜ ਜ਼ਮੀਨ 'ਤੇ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਵੀ ਸਥਾਪਤ ਕਰ ਰਹੀ ਹੈ ਤਾਂ ਜੋ ਗੁਰੂ ਜੀ ਦੀਆਂ ਸਿੱਖਿਆਵਾਂ 'ਤੇ ਅਕਾਦਮਿਕ ਖੋਜ ਅਤੇ ਪ੍ਰਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਡਾ. ਸੁੱਖੀ ਨੇ ਕਿਹਾ ਕਿ ਰਾਜ ਸਰਕਾਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਸਮਾਨਤਾ, ਸਮਾਜਿਕ ਨਿਆਂ ਅਤੇ ਸਾਂਝੇ ਭਾਈਚਾਰੇ 'ਤੇ ਆਧਾਰਿਤ ਸਮਾਜ ਦੀ ਸਿਰਜਣਾ ਕਰਕੇ ਇਸ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਆਉਣ ਵਾਲੇ 650ਵੇਂ ਜਨਮ ਦਿਹਾੜੇ 'ਤੇ ਲੋਕਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਸਾਰਿਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਿਖਾਏ ਗਏ ਧਰਮ, ਦਇਆ ਅਤੇ ਸਰਬ ਸਾਂਝੀਵਾਲਤਾ ਦੇ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਪੇ.ਵਿਕਾਸ) ਅਵਨੀਤ ਕੌਰ, ਸਹਾਇਕ ਕਮਿਸ਼ਨਰ ਜਨਰਲ ਰਮਨਜੀਤ ਅਤੇ ਹੋਰ ਅਧਿਕਾਰੀ ਹਾਜ਼ਰ ਸਨ।