ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2026 ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਦੇ ਸਬੰਧ 'ਚ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ। ਬੋਰਡ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਤੋਂ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਉੱਤਰ ਪੱਤਰੀਆਂ ਦੀ ਰੀ-ਚੈਕਿਗ ਦੇ ਨਾਲ-ਨਾਲ ਹੁਣ ਰੀ-ਇਵੈਲਿਊਏਸ਼ਨ ਦੀ ਸਹੂਲਤ ਵੀ ਸ਼ੁਰੂ ਕੀਤੀ ਜਾ ਰਹੀ ਹੈ। ਬੋਰਡ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ, ਜੋ ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ ਅਤੇ ਆਪਣੀਆ ਕਾਪੀਆਂ ਦੀ ਮੁੜ ਜਾਂਚ ਕਰਵਾਉਣਾ ਚਾਹੁੰਦੇ ਹਨ।
ਬੋਰਡ ਵੱਲੋਂ ਜਾਰੀ ਤਾਜ਼ਾ ਨੋਟਿਸ ਮੁਤਾਬਕ ਇਹ ਸਹੂਲਤ ਫਰਵਰੀ-ਮਾਰਚ 2026 'ਚ ਹੋਈਆਂ ਪ੍ਰੀਖਿਆਵਾਂ ਲਈ ਲਾਗੂ ਹੋਵੇਗੀ। ਹੁਣ ਤੱਕ ਵਿਦਿਆਰਥੀਆਂ ਦੇ ਕੋਲ ਸਿਰਫ ਰੀ-ਚੈਕਿੰਗ ਦਾ ਬਦਲ ਹੁੰਦਾ ਸੀ ਪਰ ਹੁਣ ਉਹ ਰੀ-ਇਵੈਲਿਊਏਸ਼ਨ ਦਾ ਬਦਲ ਵੀ ਚੁਣ ਸਕਣਗੇ। ਨਤੀਜੇ ਐਲਾਨੇ ਜਾਣ ਤੋਂ ਬਾਅਦ ਇਸ ਨਾਲ ਸਬੰਧਿਤ ਜ਼ਰੂਰੀ ਨਿਰਦੇਸ਼ ਅਤੇ ਫਾਰਮ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ ’ਤੇ ਉਪਲੱਬਧ ਕਰਵਾ ਦਿੱਤੇ ਜਾਣਗੇ।
ਸਿੱਖਿਆ ਬੋਰਡ ਨੇ ਸਾਰੇ ਸਕੂਲ ਮੁਖੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਅਪਣੇ ਪੱਧਰ ’ਤੇ ਵਿਦਿਆਰਥੀਆਂ ਨੂੰ ਇਸ ਨਵੀਂ ਸਹੂਲਤ ਸਬੰਧੀ ਜਾਣਕਾਰੀ ਦੇਣ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਲੋੜਵੰਦ ਪ੍ਰੀਖਿਆਰਥੀ ਸਮੇਂ ਸਿਰ ਇਸ ਸਹੂਲਤ ਦਾ ਲਾਭ ਉਠਾ ਸਕਣ।