ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਆਖ਼ਰੀ ਦਿਨ 9 ਬਿੱਲ ਪਾਸ ਕੀਤੇ ਗਏ। ਹਾਲਾਂਕਿ ਕੁੱਝ ਬਿੱਲਾਂ 'ਤੇ ਬਹਿਸ ਵੀ ਹੋਈ। ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ’ਚ ਪੰਜਾਬ ਕਾਮਨ ਇਨਫਰਾਸਟਰੱਕਚਰ (ਰੈਗੂਲੇਸ਼ਨ ਐਂਡ ਮੇਨਟੇਨੈਂਸ) ਸੋਧ ਬਿੱਲ, 2026, ਦਿ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ (ਸੋਧ) ਬਿੱਲ, 2026, ਕਲਾਊਡ ਯੂਨੀਵਰਸਿਟੀ, ਹੁਸ਼ਿਆਰਪੁਰ ਬਿੱਲ, 2026, ਐੱਮ. ਐੱਸ. ਡਿਜੀਟਲ ਯੂਨੀਵਰਸਿਟੀ, ਪਟਿਆਲਾ ਬਿੱਲ, 2026, ਫਿਜ਼ਿਕਸਵਾਲਾ ਡਿਜੀਟਲ ਯੂਨੀਵਰਸਿਟੀ, ਪਟਿਆਲਾ ਬਿੱਲ, 2026, ਪੰਜਾਬ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ, 2026, ਪੰਜਾਬ ਰਾਜ ਆਊਟਸੋਰਸਡ ਪਰਸੋਨਲ (ਟਰਾਂਜਿਸ਼ਨ ਟੂ ਕੰਟਰੈਕਟੂਅਲ ਇੰਗੇਜਮੈਂਟ) ਬਿੱਲ, 2026, ਪੰਜਾਬ ਪੰਚਾਇਤੀ ਰਾਜ (ਸੋਧ) ਬਿੱਲ, 2026 , ਪੰਜਾਬ ਪ੍ਰੋਟੈਕਸ਼ਨ ਆਫ ਟ੍ਰੀਜ਼ ਬਿੱਲ, 2026 ਪਾਸ ਹੋਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਪ੍ਰਾਈਵੇਟ ਸਕੂਲ ਨਵੇਂ ਅਕਾਦਮਿਕ ਸੈਸ਼ਨ ਵਿਚ 5 ਫ਼ੀਸਦੀ ਤੋਂ ਜ਼ਿਆਦਾ ਫ਼ੀਸ ਨਹੀਂ ਵਧਾ ਸਕਣਗੇ। ਕਿਸੇ ਵੀ ਮੱਦ ਤਹਿਤ ਮਾਪਿਆਂ ਤੋਂ ਵਸੂਲੀ ਗਈ ਹਰ ਰਕਮ ਨੂੰ ਫ਼ੀਸ ਹੀ ਮੰਨਿਆ ਜਾਵੇਗਾ ਤੇ ਇਸ ਨੂੰ ਰੈਗੂਲੇਸ਼ਨ ਅਧੀਨ ਲਿਆਂਦਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਨਿੱਜੀ ਸਕੂਲਾਂ ਦਾ ਫਾਰੈਂਸਿਕ ਆਡਿਟ ਕਰਵਾਵਾਂਗੇ ਅਤੇ ਜ਼ਿਆਦਾ ਲਈ ਗਈ ਫ਼ੀਸ ਮਾਪਿਆਂ ਨੂੰ ਮੋੜਾਂਗੇ। ਉਲੰਘਣਾ ਕਰਨ ’ਤੇ ਪਹਿਲੀ ਵਾਰ 50 ਹਜ਼ਾਰ ਰੁਪਏ ਜੁਰਮਾਨਾ, ਦੂਜੀ ਵਾਰ ਇਕ ਲੱਖ ਰੁਪਏ ਦਾ ਜੁਰਮਾਨਾ ਤੇ ਤੀਜੀ ਵਾਰ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਇਹ ਬਿੱਲ ਕੁਝ ਦਿਨ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਦਨ ਵਿਚ ਪੇਸ਼ ਕੀਤਾ ਸੀ। ਪੰਜਾਬ ਵਿਧਾਨ ਸਭਾ ਵਿਚ ਪੇਸ਼ ਹੋਏ ਬਿੱਲਾਂ ’ਤੇ ਭਾਰੀ ਹੰਗਾਮਾ ਹੋਇਆ। ਸਪੀਕਰ ਨੇ ਜਦੋਂ ਸਦਨ ਵਿਚ ਬਿੱਲ ਪੇਸ਼ ਕਰਨ ਦੀ ਗੱਲ ਕਹੀ ਤਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਪਰਗਟ ਸਿੰਘ ਨੇ ਇਸ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਕੁਝ ਬਿੱਲਾਂ ਦੀ ਜਾਣਕਾਰੀ ਕੱਲ ਦਿੱਤੀ ਗਈ ਸੀ। ਉਨ੍ਹਾਂ ’ਤੇ ਬਹਿਸ ਲਈ ਪੂਰਾ ਸਮਾਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਅੱਜ ਹੀ ਸਦਨ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਜਾਵੇਗਾ। ਇਸ ਦੌਰਾਨ ਡਿਪਟੀ ਸਪੀਕਰ ਨੇ ਸਬੰਧਤ ਮੰਤਰੀਆਂ ਨੂੰ ਬਿੱਲ ਪੇਸ਼ ਕਰਨ ਲਈ ਕਿਹਾ ਅਤੇ ਬਿਨਾਂ ਬਹਿਸ ਦੇ ਹੀ ਬਿੱਲ ਪਾਸ ਕਰਵਾਉਣ ਲੱਗੇ।