ਚੰਡੀਗੜ੍ਹ : ਪੰਜਾਬ ਵਿਚ ਬਿਜਲੀ ਦੀ ਸਬਸਿਡੀ ਨਾ ਮਿਲਣ ਕਾਰਨ ਪਰੇਸ਼ਾਨ ਖਪਤਕਾਰਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਸਰਕਾਰ ਨੇ ਸੂਬੇ ਵਿਚ ਅਜਿਹੇ 63,702 ਖਪਤਕਾਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਮੁਫ਼ਤ ਬਿਜਲੀ ਦੀ ਸਬਸਿਡੀ ਦਾ ਲਾਭ ਨਹੀਂ ਮਿਲ ਸਕਿਆ ਸੀ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਚੰਡੀਗੜ੍ਹ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਨ੍ਹਾਂ ਸਾਰੇ ਖਪਤਕਾਰਾਂ ਦੇ ਬਿੱਲ ਦੁਬਾਰਾ ਤਿਆਰ ਕੀਤੇ ਜਾਣਗੇ ਅਤੇ ਅਗਲੇ ਤਿੰਨ ਕੰਮਕਾਜੀ ਦਿਨਾਂ ਵਿਚ ਨਵੇਂ ਬਿੱਲ ਜਾਰੀ ਕੀਤੇ ਜਾਣਗੇ।
ਮੰਤਰੀ ਸੋਂਧ ਨੇ ਦੱਸਿਆ ਕਿ ਮਈ, ਜੂਨ ਅਤੇ ਜੁਲਾਈ ਦੇ ਮਹੀਨਿਆਂ ਦੌਰਾਨ ਮੀਟਰ ਰੀਡਰ ਹੜਤਾਲ 'ਤੇ ਸਨ। ਇਸ ਕਾਰਨ, ਵਿਭਾਗ ਕੋਲ ਬਿੱਲ ਭੇਜਣ ਦਾ ਇੱਕੋ-ਇੱਕ ਵਿਕਲਪ ਸੀ ਕਿ ਪਿਛਲੇ ਸਾਲ ਦੀ ਖਪਤ ਦੇ ਆਧਾਰ 'ਤੇ ਔਸਤ ਬਿੱਲ ਭੇਜ ਦਿੱਤੇ ਜਾਣ। ਇਸ ਔਸਤ ਬਿਲਿੰਗ ਪ੍ਰਣਾਲੀ ਕਾਰਨ ਖਪਤਕਾਰਾਂ ਦੇ ਮਈ ਅਤੇ ਜੂਨ ਦੇ ਬਿੱਲਾਂ ਵਿਚ 300 ਯੂਨਿਟ ਦੀ ਮੁਫ਼ਤ ਬਿਜਲੀ ਸਬਸਿਡੀ ਨਹੀਂ ਜੁੜ ਸਕੀ। ਜਦੋਂ ਕੁੱਲ 78 ਲੱਖ ਖਪਤਕਾਰਾਂ ਦੇ ਡਾਟੇ ਦੀ ਜਾਂਚ ਕੀਤੀ ਗਈ, ਤਾਂ ਸਾਹਮਣੇ ਆਇਆ ਕਿ 1 ਪ੍ਰਤੀਸ਼ਤ ਤੋਂ ਵੀ ਘੱਟ (ਲਗਭਗ 63 ਹਜ਼ਾਰ) ਖਪਤਕਾਰ ਇਸ ਸਮੱਸਿਆ ਤੋਂ ਪ੍ਰਭਾਵਿਤ ਹੋਏ ਹਨ।
ਇਸ ਲਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਅਗਲੇ 3 ਕੰਮਕਾਜੀ ਦਿਨਾਂ ਵਿਚ ਸਾਰੇ ਪ੍ਰਭਾਵਿਤ ਖਪਤਕਾਰਾਂ ਨੂੰ ਨਵੇਂ ਬਿੱਲ ਜਾਰੀ ਕਰਕੇ ਮਈ-ਜੂਨ ਦੀ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ। ਜਿਨ੍ਹਾਂ ਖਪਤਕਾਰਾਂ ਨੇ ਪਹਿਲਾਂ ਹੀ ਬਿੱਲ ਜਮ੍ਹਾਂ ਕਰਵਾ ਦਿੱਤੇ ਹਨ, ਉਨ੍ਹਾਂ ਦੇ ਪੈਸੇ ਅਗਲੇ ਬਿੱਲ ਵਿਚ ਐਡਜਸਟ ਕਰ ਦਿੱਤੇ ਜਾਣਗੇ। ਬਿੱਲਾਂ ਸਬੰਧੀ ਸ਼ਿਕਾਇਤਾਂ ਦੇ ਹੱਲ ਲਈ ਇਕ ਵਿਸ਼ੇਸ਼ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ, ਜਿੱਥੇ 20 ਕਰਮਚਾਰੀਆਂ ਦੀ ਟੀਮ ਤਾਇਨਾਤ ਰਹੇਗੀ। ਹੈਲਪਲਾਈਨ 'ਤੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ 15 ਦਿਨਾਂ ਦੇ ਅੰਦਰ ਬਿੱਲ ਠੀਕ ਕਰ ਦਿੱਤਾ ਜਾਵੇਗਾ।