ਗੜ੍ਹਦੀਵਾਲਾ/ਭੰਗਾ : ਕੰਢੀ ਖੇਤਰ ਦੇ ਪਿੰਡ ਚੱਕਲਾਦਿਆ ਦੇ ਰਹਿਣ ਵਾਲੇ 23 ਸਾਲਾ ਈਸ਼ਾਨ ਮਿਨਹਾਸ ਨੇ ਭਾਰਤੀ ਫ਼ੌਜ ’ਚ ਲੈਫਟੀਨੈਂਟ ਬਣ ਕੇ ਆਪਣੇ ਪਿੰਡ ਦਾ ਹੀ ਨਹੀਂ ਸਗੋਂ ਹੁਸ਼ਿਆਰਪੁਰ ਦਾ ਵੀ ਮਾਣ ਵਧਾਇਆ ਹੈ। ਬੀਤੇ ਦਿਨ ਜਦੋਂ ਈਸ਼ਾਨ ਮਿਨਹਾਸ ਲੈਫਟੀਨੈਂਟ ਬਣਾ ਕੇ ਚੌਥੀ ਪੀੜ੍ਹੀ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਪਿੰਡ ਚੱਕਲਦਿਆਂ ਪਹੁੰਚੇ ਤਾਂ ਪੂਰਾ ਪਿੰਡ ’ਚ ਖ਼ੁਸ਼ੀ ਦਾ ਮਾਹੌਲ ਸੀ ਅਤੇ ਸੈਂਕੜੇ ਲੋਕ ਆਪਣੇ ਪਿੰਡ ਦੇ ਪੁੱਤਰ ਦਾ ਸਵਾਗਤ ਕਰਨ ਲਈ ਉਸ ਦੇ ਘਰ ਇਕੱਠੇ ਹੋਏ ਸਨ।
ਉਸ ਦੇ ਪਿੰਡ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਉਸ ਦਾ ਨਿੱਘਾ ਸਵਾਗਤ ਕੀਤਾ। ਇਸ ਖ਼ੁਸ਼ੀ ਦੇ ਪਲ 'ਚ ਈਸ਼ਾਨ ਦੇ ਦਾਦਾ ਸੇਵਾਮੁਕਤ ਆਨਰੇਰੀ ਕੈਪਟਨ ਪ੍ਰੀਤਮ ਸਿੰਘ ਮਿਨਹਾਸ ਆਪਣੇ ਪੁਸ਼ਤੈਨੀ ਘਰ ਦੀ ਦਹਿਲੀਜ਼ 'ਤੇ ਸ਼ਾਨ ਨਾਲ ਖੜ੍ਹੇ ਸਨ ਅਤੇ ਉਨ੍ਹਾਂ ਆਪਣੇ ਪੋਤੇ 'ਤੇ ਫ਼ਕਰ ਮਹਿਸੂਸ ਕਰਦਿਆਂ ਸਲੂਟ ਨਾਲ ਉਸ ਦਾ ਸਵਾਗਤ ਕੀਤਾ। ਈਸ਼ਾਨ ਦੇ ਪਿਤਾ ਕਰਨਲ ਸੰਜੀਵ, ਮਾਤਾ ਅਮਿਤਾ ਮਿਨਹਾਸ ਅਤੇ ਭੈਣ ਬਹੁਤ ਖ਼ੁਸ਼ ਸਨ ਅਤੇ ਆਪਣੀਆਂ ਭਾਵਨਾਵਾਂ ਨੂੰ ਰੋਕ ਨਹੀਂ ਸਕੇ। ਇਸ ਮੌਕੇ ਰਾਜਿੰਦਰ ਸਿੰਘ ਠਾਕੁਰ, ਕਮਲੇਸ਼ ਠਾਕੁਰ, ਸਰਿਤਾ ਰਾਣਾ, ਕੰਚਨ ਕਟੋਚ, ਅਸ਼ਵਨੀ ਰਾਣਾ, ਪੰਕਜ ਕਟੋਚ, ਸ਼ਿਵਿੰਦਰ ਠਾਕੁਰ, ਸੁਮਿਤੀ ਠਾਕੁਰ ਆਦਿ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।