ਬਠਿੰਡਾ/ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਮੋਟਰਸਾਈਕਲ ਸਕੂਟਰ ਟੈਕਸ ਫਰੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਟਰੈਕਟਰਾਂ 'ਤੇ ਟੈਕਸ ਲੱਗਦਾ ਹੁੰਦਾ ਸੀ, ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਟ੍ਰੈਕਟਰ ਨੂੰ 'ਗਰੀਬ ਦਾ ਗੱਡਾ' ਆਖ ਕੇ ਟੈਕਸ ਫਰੀ ਕਰ ਦਿੱਤਾ ਸੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪਣੇ ਪਿਤਾ ਦੀ ਸੋਚ ਨੂੰ ਅੱਗੇ ਲਿਜਾਉਂਦਿਆਂ ਉਨ੍ਹਾਂ ਇਹ ਫ਼ੈਸਲਾ ਕੀਤਾ ਹੈ ਕਿ ਅੱਜ ਦੇ ਸਮੇਂ 'ਗਰੀਬ ਦਾ ਗੱਡਾ' ਮੋਟਰਸਾਈਕਲ ਤੇ ਸਕੂਟਰ ਹਨ। ਇਸ ਲਈ ਉਨ੍ਹਾਂ ਗਾਰੰਟੀ ਦਿੱਤੀ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਮੋਟਰਸਾਈਕਲ-ਸਕੂਟਰ 'ਤੇ ਟੈਕਸ ਨਹੀਂ ਲੱਗਿਆ ਕਰੇਗਾ। ਵਿਧਾਨ ਸਭਾ ਹਲਕਾ ਮੌੜ ਵਿਖੇ 'ਪੰਜਾਬ ਬਚਾਓ ਰੈਲੀ' ਦੌਰਾਨ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦੇਣ, ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕਦਮ ਚੁੱਕਣ ਤੇ ਉਨ੍ਹਾਂ ਨੂੰ ਕਾਰੋਬਾਰ ਲਈ ਵਿਆਜ ਮੁਕਤ ਕਰਜ਼ਾ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਉਹੀ ਵਾਅਦੇ ਕਰਦੇ ਹਨ, ਜੋ ਉਹ ਪੂਰੇ ਕਰ ਸਕਦੇ ਹੋਣ।
ਉਨ੍ਹਾਂ ਮੌਜੂਦਾ ਸਰਕਾਰ 'ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਅੱਜ ਭਗਵੰਤ ਮਾਨ ਦਾ ਹਰਾ ਪੈੱਨ ਕਿੱਥੇ ਗਿਆ? ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲਾ ਹੁਣ ਹੈਲੀਕਾਪਟਰ ਤੋਂ ਹੀ ਨਹੀਂ ਉਤਰਦਾ। ਉਨ੍ਹਾਂ ਦੀ ਪਤਨੀ ਤੇ ਮਾਤਾ ਜੀ ਵੀ ਵੱਡੇ ਸੁਰੱਖਿਆ ਘੇਰੇ ਵਿਚ ਘੁੰਮਦੇ ਹਨ। ਉਨ੍ਹਾਂ ਕਿਹਾ ਕਿ ਅੱਜ ਬਜਟ ਵਿਚ ਸਰਕਾਰ ਨੇ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਕੇ ਨਵਾਂ ਡਰਾਮਾ ਕੀਤਾ ਹੈ, ਜਦੋਂ ਸਰਕਾਰ ਨੂੰ 8 ਮਹੀਨੇ ਹੀ ਰਹਿ ਗਏ ਹਨ। ਸਰਕਾਰ ਨੂੰ ਸਾਢੇ ਚਾਰ ਸਾਲ ਇਹ ਗਾਰੰਟੀ ਯਾਦ ਕਿਉਂ ਨਹੀਂ ਆਈ। ਉਨ੍ਹਾਂ ਕਿਹਾ ਕਿ ਇਹ ਅਖੀਰਲੇ ਮਹੀਨਿਆਂ ਵਿਚ ਹਜ਼ਾਰ-ਹਜ਼ਾਰ ਰੁਪਏ ਦੇ ਕੇ ਵੋਟਾਂ ਖਰੀਦਣੀਆਂ ਚਾਹੁੰਦੇ ਹਨ, ਤਾਂ ਜੋ 5 ਸਾਲ ਤਕ ਫ਼ਿਰ ਤੋਂ ਪੰਜਾਬ ਨੂੰ ਲੁੱਟ ਸੱਕਣ, ਪਰ ਪੰਜਾਬ ਦੇ ਲੋਕ ਇਨ੍ਹਾਂ ਨੂੰ ਵੋਟਾਂ ਨਹੀਂ ਪਾਉਣਗੇ।