ਜਲੰਧਰ/ਚੰਡੀਗੜ੍ਹ : ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਵੱਲੋਂ ਪੰਜਾਬ ਲਈ 11 ਜਨਵਰੀ ਤੋਂ 15 ਜਨਵਰੀ ਤੱਕ ਜ਼ਿਲ੍ਹਾਵਾਰ ਮੌਸਮੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਚੇਤਾਵਨੀ ਮੁਤਾਬਕ ਸੂਬੇ ਦੇ ਕਈ ਹਿੱਸਿਆਂ ਵਿੱਚ ਅਗਲੇ ਪੰਜ ਦਿਨ ਸੰਘਣੀ ਧੁੰਦ, ਕਿਤੇ–ਕਿਤੇ ਬਹੁਤ ਹੀ ਸੰਘਣੀ ਧੁੰਦ ਅਤੇ ਠੰਡੀ ਲਹਿਰ ਦਾ ਅਸਰ ਬਣਿਆ ਰਹੇਗਾ। ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਵੀ ਸੀਤ ਲਹਿਰ ਅਤੇ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ‘ਚ ਇਸ ਵੇਲੇ ਹੱਡ ਚੀਰਵੀਂ ਠੰਡ ਪੈ ਰਹੀ ਹੈ ਅਤੇ ਇਸ ਦੌਰਾਨ, ਰਾਤ ਤੋਂ ਬਾਅਦ ਦਿਨ ਦਾ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਦੀ ਉਮੀਦ ਹੈ। ਮੌਸਮ ਵਿਭਾਗ ਨੇ 13 ਜਨਵਰੀ ਜਾਨੀ ਕਿ ਲੋਹੜੀ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਦੇ ਅਨੁਸਾਰ 11,12 ਅਤੇ 13 ਜਨਵਰੀ ਨੂੰ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਵਰਗੇ ਉੱਤਰੀ–ਪੂਰਬੀ ਜ਼ਿਲ੍ਹਿਆਂ ਵਿੱਚ ਧੁੰਦ ਦੇ ਨਾਲ-ਨਾਲ ਠੰਡੀ ਲਹਿਰ ਦਾ ਪ੍ਰਭਾਵ ਵੱਧ ਸਕਦਾ ਹੈ, ਜਦਕਿ ਫਿਰੋਜ਼ਪੁਰ, ਮੋਗਾ ਅਤੇ ਫ਼ਰੀਦਕੋਟ ਖੇਤਰਾਂ ਵਿੱਚ ਹਾਲਾਤ ਕੁਝ ਹੱਦ ਤੱਕ ਸਧਾਰਣ ਰਹਿਣ ਦੀ ਉਮੀਦ ਹੈ। 14 ਅਤੇ 15 ਜਨਵਰੀ ਨੂੰ ਦੱਖਣੀ ਅਤੇ ਪੱਛਮੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੌਸਮ ਸਧਾਰਣ ਰਹਿਣ ਦੀ ਸੰਭਾਵਨਾ ਹੈ, ਪਰ ਕੇਂਦਰੀ ਅਤੇ ਪੂਰਬੀ ਪੰਜਾਬ ਵਿੱਚ ਸਵੇਰ ਦੇ ਸਮੇਂ ਸੰਘਣੀ ਧੁੰਦ ਜਾਰੀ ਰਹਿ ਸਕਦੀ ਹੈ। ਇਸ ਦੌਰਾਨ ਦ੍ਰਿਸ਼ਟੀਤਾ ਘਟਣ ਕਾਰਨ ਆਵਾਜਾਈ ’ਤੇ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਯੈਲੋ ਅਲਰਟ ਵੀ ਜਾਰੀ ਰਹੇਗਾ।
ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਧੁੰਦ ਦੇ ਮੱਦੇਨਜ਼ਰ ਸਵੇਰ ਦੇ ਸਮੇਂ ਗੱਡੀਆਂ ਚਲਾਉਂਦੇ ਹੋਏ ਖਾਸ ਸਾਵਧਾਨੀ ਵਰਤਣ, ਧੀਮੀ ਗਤੀ ਰੱਖਣ ਅਤੇ ਲੋੜ ਬਿਨਾਂ ਯਾਤਰਾ ਤੋਂ ਬਚਣ। ਕਿਸਾਨਾਂ ਨੂੰ ਵੀ ਮੌਸਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਖੇਤੀਬਾੜੀ ਸੰਬੰਧੀ ਫ਼ੈਸਲੇ ਕਰਨ ਦੀ ਅਪੀਲ ਕੀਤੀ ਗਈ ਹੈ।