ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਬਸ ਸਟੈਂਡ ਨੇੜੇ ਕਾਰ ਅਤੇ ਅਣਪਛਾਤੇ ਵ੍ਹੀਕਲ ਦੀ ਹੋਈ ਜ਼ਬਰਦਸਤ ਟੱਕਰ 'ਚ ਕਾਰ ਸਵਾਰ 'ਆਪ' ਆਗੂ ਬੁੱਧ ਰਾਮ ਉਰਫ਼ ਸੋਨੂੰ ਚੌਧਰੀ ਦੀ ਮੌਤ ਹੋ ਗਈ। ਮ੍ਰਿਤਕ ਬੁੱਧ ਰਾਮ ਉਰਫ਼ ਸੋਨੂੰ ਚੌਧਰੀ ਦੀ ਪਤਨੀ ਪਰਵਿੰਦਰ ਕੌਰ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਤੋਂ ਬਾਅਦ ਪੁਲਸ ਵੱਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਮ੍ਰਿਤਕ ਸੋਨੂੰ ਚੌਧਰੀ ਦੀ ਪਤਨੀ ਪਰਵਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਪਿੰਡ ਲੋਅਰ ਮੀਂਢਵਾਂ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਹਨ। ਉਸ ਨੇ ਦੱਸਿਆ ਕਿ ਮੇਰਾ ਵਿਆਹ ਕਰੀਬ 14 ਸਾਲ ਪਹਿਲਾਂ ਬੁੱਧ ਰਾਮ ਪੁੱਤਰ ਤੇਲੂ ਰਾਮ ਵਾਸੀ ਮੀਂਢਵਾਂ ਨਾਲ ਹੋਇਆ ਸੀ। ਮੇਰੇ ਦੋ ਲੜਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬੀਤੇ ਕੱਲ੍ਹ ਬੁੱਧਰਾਮ ਆਪਣੀ ਕਾਰ ਵਿਚ ਸਵਾਰ ਹੋ ਕੇ ਆਪਣੇ ਦੋਸਤਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਰੀਜੈਂਟ ਹੋਟਲ ਵਿਖੇ ਚੱਲ ਰਹੀ ਪਾਰਟੀ 'ਚ ਗਿਆ ਸੀ ਅਤੇ ਜਦੋਂ ਉਹ ਕਾਫ਼ੀ ਰਾਤ ਤੱਕ ਘਰ ਨਹੀਂ ਆਇਆ ਤਾਂ ਉਨ੍ਹਾਂ ਆਪਣੇ ਪਤੀ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਉਹ ਆਪਣੇ ਗੁਆਂਢੀ ਬਲਵੀਰ ਸਿੰਘ, ਕ੍ਰਿਸ਼ਨ ਚੰਦ ਪੁੱਤਰ ਰੱਖਾ ਰਾਮ ਨਾਲ ਕਿਸ਼ਨ ਚੰਦ ਦੀ ਗੱਡੀ ਵਿਚ ਸਵਾਰ ਹੋ ਕੇ ਰੀਜੈਂਟ ਹੋਟਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਗਏ ਤਾਂ ਜਦੋਂ ਉਹ ਹੋਟਲ ਤੋਂ ਥੋੜ੍ਹਾ ਅੱਗੇ ਜਾ ਕੇ ਯੂ-ਟਰਨ ਲੈ ਕੇ ਵਾਪਸ ਆਏ ਤਾਂ ਸਾਡੇ ਤੋਂ ਅੱਗੇ ਬੁੱਧਰਾਮ ਆਪਣੀ ਗੱਡੀ ਵਿਚ ਸਵਾਰ ਹੋ ਕੇ ਜਾ ਰਿਹਾ ਸੀ। ਅਸੀਂ ਉਸ ਦੇ ਪਿੱਛੇ-ਪਿੱਛੇ ਆਪਣੀ ਗੱਡੀ ਲੈ ਕੇ ਜਾ ਰਹੇ ਸੀ ਅਤੇ ਜਦੋਂ ਬੁੱਧ ਰਾਮ ਦੀ ਕਾਰ ਬੱਸ ਸਟੈਂਡ ਸ੍ਰੀ ਅਨੰਦਪੁਰ ਸਾਹਿਬ ਦੇ ਕਰੀਬ ਪੁੱਜੀ ਤਾਂ ਗੱਡੀ ਅੱਗੇ ਜਾਂਦੇ ਕਿਸੇ ਵ੍ਹੀਕਲ ਵੱਲੋਂ ਅਚਾਨਕ ਬਰੇਕ ਮਾਰ ਦਿੱਤੇ ਜਾਣ ਕਾਰਨ ਉਕਤ ਵ੍ਹੀਕਲ ਨਾਲ ਟਕਰਾ ਗਈ।
ਅਸੀਂ ਸਾਰੇ ਜਾਣੇ ਤੁਰੰਤ ਆਪਣੇ ਕਾਰ ਵਿਚੋਂ ਥੱਲ੍ਹੇ ਉਤਰੇ ਅਤੇ ਆਪਣੇ ਬੁੱਧ ਰਾਮ ਨੂੰ ਕਾਰ ਵਿਚੋਂ ਬਾਹਰ ਕੱਢਣ ਲੱਗ ਪਏ, ਜਿਸ ਦੇ ਮੱਥੇ ਦੇ ਕਾਫ਼ੀ ਜ਼ਿਆਦਾ ਸੱਟ ਲੱਗ ਗਈ ਸੀ। ਉਨ੍ਹਾਂ ਦੱਸਿਆ ਕਿ ਨਾ ਮਲੂਮ ਵ੍ਹੀਕਲ ਚਾਲਕ ਆਪਣਾ ਵ੍ਹੀਕਲ ਲੈ ਕੇ ਮੌਕੇ ਤੋਂ ਭੱਜ ਗਿਆ। ਉਸ ਤੋਂ ਬਾਅਦ ਅਸੀਂ ਜ਼ਖ਼ਮੀ ਹਾਲਤ 'ਚ ਪਤੀ ਬੁੱਧ ਰਾਮ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲੈ ਗਏ, ਜਿੱਥੇ ਡਾਕਟਰ ਨੇ ਬੁੱਧਰਾਮ ਨੂੰ ਚੈੱਕਅਪ ਕਰਨ ਉਪਰੰਤ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕ ਬੁੱਧ ਰਾਮ ਦੀ ਪਤਨੀ ਨੇ ਦੱਸਿਆ ਕਿ ਇਹ ਹਾਦਸਾ ਨਾ ਮਾਲੂਮ ਵ੍ਹੀਕਲ ਦੇ ਚਾਲਕ ਵੱਲੋਂ ਆਪਣੀ ਗੱਡੀ ਦੀ ਬਰੇਕ ਅਣਗਹਿਲੀ ਅਤੇ ਲਾਪ੍ਰਵਾਹੀ ਨਾਲ ਮਾਰਨ ਕਾਰਨ ਇਹ ਐਕਸੀਡੈਂਟ ਹੋਇਆ ਹੈ। ਪੁਲਸ ਵੱਲੋਂ ਨਾ ਮਾਲੂਮ ਵ੍ਹੀਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬੁੱਧ ਰਾਮ ਉਰਫ਼ ਸੋਨੂੰ ਚੌਧਰੀ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਸੀ।