ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਰਾਮਗੜ੍ਹ ਵਿੱਚ ਸਥਿਤ ਡੀਆਰਡੀਓ (DRDO) ਦੀ ਵੱਕਾਰੀ ਇਕਾਈ ਟਰਮੀਨਲ ਬੈਲਿਸਟਿਕਸ ਰਿਸਰਚ ਲੈਬਾਰਟਰੀ (TBRL) ਵਿੱਚ ਐਤਵਾਰ ਨੂੰ ਹਾਈ ਕੈਲੀਬਰ ਬੰਬਾਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਲਾਈਵ ਟਰਾਇਲ ਸਫਲਤਾਪੂਰਵਕ ਸੰਪੰਨ ਹੋਇਆ। ਭਾਰਤੀ ਹਵਾਈ ਸੈਨਾ ਦੇ ਉੱਚ ਅਧਿਕਾਰੀਆਂ ਦੀ ਸਿੱਧੀ ਮੌਜੂਦਗੀ ਅਤੇ ਤਕਨੀਕੀ ਨਿਗਰਾਨੀ ਹੇਠ ਹੋਏ ਇਸ ਪ੍ਰੀਖਣ ਦੌਰਾਨ ਹੋਏ ਜ਼ਬਰਦਸਤ ਧਮਾਕੇ ਨਾਲ ਧਰਤੀ ਕੰਬ ਉੱਠੀ।
ਪ੍ਰੀਖਣ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਪੁਲਸ ਨੇ ਪੂਰੇ ਖੇਤਰ ਵਿੱਚ ਪਹਿਲਾਂ ਹੀ ਹਾਈ ਅਲਰਟ ਜਾਰੀ ਕਰ ਦਿੱਤਾ ਸੀ। ਵਿਗਿਆਨੀਆਂ ਨੇ ਖਦਸ਼ਾ ਜਤਾਇਆ ਸੀ ਕਿ ਧਮਾਕੇ ਕਾਰਨ ਬੰਬ ਦੇ ਟੁਕੜੇ ਲਗਭਗ 1.5 ਕਿਲੋਮੀਟਰ ਦੇ ਦਾਇਰੇ ਵਿੱਚ ਹਵਾ ਵਿੱਚ ਉੱਡ ਸਕਦੇ ਹਨ, ਜਿਸ ਕਾਰਨ ਰਾਮਗੜ੍ਹ ਰੇਂਜ ਦੇ ਆਸ-ਪਾਸ ਦੇ 2 ਕਿਲੋਮੀਟਰ ਖੇਤਰ ਨੂੰ 'ਰੇਡ ਜ਼ੋਨ' ਐਲਾਨਿਆ ਗਿਆ ਸੀ। ਪੁਲਸ ਨੇ ਮੁਨਾਦੀ ਕਰਵਾ ਕੇ ਖਾਸ ਤੌਰ 'ਤੇ ਭਾਨੂ ਤੇ ਬਿੱਲਾ ਪਿੰਡਾਂ ਦੇ ਵਸਨੀਕਾਂ ਨੂੰ ਪ੍ਰੀਖਣ ਦੇ ਸਮੇਂ ਆਪਣੇ ਘਰਾਂ ਦੇ ਅੰਦਰ ਰਹਿਣ ਦੇ ਸਖ਼ਤ ਨਿਰਦੇਸ਼ ਦਿੱਤੇ ਸਨ।
ਅਧਿਕਾਰਤ ਜਾਣਕਾਰੀ ਅਨੁਸਾਰ, ਇਹ ਗੁੰਝਲਦਾਰ ਪ੍ਰੀਖਣ ਪੂਰੀ ਤਰ੍ਹਾਂ ਉਮੀਦ ਮੁਤਾਬਕ ਸਫਲ ਰਿਹਾ ਤੇ ਇਸ ਨੂੰ ਰੱਖਿਆ ਮੰਤਰਾਲੇ ਦੁਆਰਾ ਨਿਰਧਾਰਤ ਸਾਰੇ ਸੁਰੱਖਿਆ ਮਾਪਦੰਡਾਂ ਦੇ ਅੰਦਰ ਰਹਿ ਕੇ ਪੂਰਾ ਕੀਤਾ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਮਹਾਂ-ਧਮਾਕੇ ਦੌਰਾਨ ਪੂਰੇ ਖੇਤਰ ਵਿੱਚੋਂ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਜਾਂ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ।