ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸੁਨਾਮ ਆਸ਼ਰਮ ਵਿਖੇ ਹਫਤਾਵਾਰੀ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯ ਸਾਧਵੀ ਕਾਤਯਾਨੀ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਨੁੱਖੀ ਸੋਚ ਦਾ ਵਿਸ਼ਾ ਜਿਸ ਸਮੇਂ ਗਿਆਨ ਬਣਿਆ ਤਾਂ ਹਮੇਸ਼ਾ ਹੀ ਇਸਦੇ ਦੋ ਸੋਮੇ ਰੂਪਮਾਨ ਹੋਏ ਬਾਹਰੀ ਅਤੇ ਅੰਦਰੂਨੀ। ਪ੍ਰੰਤੂ ਫਿਰ ਵੀ ਮਨੁੱਖ ਬਾਹਰੀ ਗਿਆਨ ਵਿੱਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ, ਇਸ ਲਈ ਬਹੁਤੀ ਵਾਰ ਉਹ ਅੰਦਰੂਨੀ ਗਿਆਨ ਦੀ ਪ੍ਰਾਪਤੀ ਲਈ ਵੀ ਬਾਹਰੀ ਯਤਨ ਹੀ ਕਰਦਾ ਰਹਿੰਦਾ ਹੈ, ਇਸੇ ਗਲਤੀ ਕਾਰਨ ਉਹ ਸ਼ਬਦ ਜਾਲ ਵਿੱਚ ਉਲਝ ਕੇ ਈਸ਼ਵਰ ਦਰਸ਼ਨ ਦੇ ਅਨੰਦ ਤੋਂ ਵਾਂਝਾ ਰਹਿ ਜਾਂਦਾ ਹੈ। ਦਰਅਸਲ ਬਾਹਰੀ ਗਿਆਨ ਅਤੇ ਅੰਦਰੂਨੀ ਗਿਆਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਬਾਹਰੀ ਗਿਆਨ ਕਦੀ ਵੀ ਸਥਾਈ ਸੁੱਖ ਜਾਂ ਸ਼ਾਂਤੀ ਪ੍ਰਦਾਨ ਨਹੀਂ ਕਰਦਾ। ਇਸ ਗਿਆਨ ਨੂੰ ਪ੍ਰਾਪਤ ਕਰਕੇ ਹਮੇਸ਼ਾ ਹੀ ਕੁਝ ਹੋਰ ਪਾਉਣ ਦੀ ਇੱਛਾ ਬਣੀ ਰਹਿੰਦੀ ਹੈ ਪਰੰਤੂ ਅੰਦਰੂਨੀ ਗਿਆਨ ਅਜਿਹਾ ਗਿਆਨ ਹੈ ਜਿਸਦੀ ਪ੍ਰਾਪਤੀ ਹੀ ਅਸਲ ਵਿੱਚ ਮਨੁੱਖ ਦੀ ਅੰਤਿਮ ਮੰਜਿਲ ਹੈ, ਜਿਸ ਬਾਰੇ ਬਿਆਨ ਕਰਦੇ ਹੋਏ ਗੁਰੂ ਸਾਹਿਬਾਨ ਕਹਿੰਦੇ ਹਨ ਕਿ ਭਰਮ ਉਸ ਸਮੇਂ ਦੂਰ ਹੁੰਦਾ ਹੈ ਜਦ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਮਹਿਲ ਅਰਥਾਤ ਉਸਦੇ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਪਰਮਾਤਮਾ ਜੋ ਸਰਵ ਵਿਆਪਕ ਹੈ, ਉਸਨੂੰ ਪਾਉਣਾ ਜਾਂ ਮਿਲਣ ਲਈ ਸਾਡੀ ਜ਼ਿੰਦਗੀ ਦੇ ਅੰਦਰ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਸ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਅਸੰਭਵ ਹੈ। ਇਸ ਲਈ ਸਾਨੂੰ ਪੂਰਨ ਸਤਿਗੁਰ ਦੀ ਖੋਜ ਕਰਨੀ ਚਾਹੀਦੀ ਹੈ। ਜੋ ਸਾਡਾ ਦਸਮ ਦੁਆਰ ਖੋਲ੍ਹ ਕੇ ਉਸ ਪਰਮਪਿਤਾ ਪਰਮਾਤਮਾ ਨਾਲ ਮਿਲਾ ਦੇਵੇ ਜੋਕਿ ਮਨੁੱਖੀ ਸਰੀਰ ਅੰਦਰ ਉਸ ਪ੍ਰਕਾਸ਼ ਰੂਪ ਪਰਮਾਤਮਾ ਦੇ ਦਰਸ਼ਨ ਕਰ ਲੈਣਾ ਹੀ ਅਸਲ ਵਿੱਚ ਅੰਦਰੂਨੀ ਗਿਆਨ ਹੈ, ਜਿਸ ਦੀ ਪ੍ਰਾਪਤੀ ਤੋਂ ਬਾਅਦ ਹੋਰ ਕੁਝ ਪ੍ਰਾਪਤ ਕਰਨਾ ਬਾਕੀ ਨਹੀਂ ਰਹਿ ਜਾਂਦਾ। ਅੰਤ ਵਿੱਚ ਸਾਧਵੀ ਪਲਕ ਭਾਰਤੀ ਨੇ ਸੁੰਦਰ ਭਜਨਾਂ ਦਾ ਗਾਇਨ ਕਰਕੇ ਸ਼ਰਧਾਲੂਆਂ ਨੂੰ ਮੰਤਰ-ਮੁਗਧ ਕੀਤਾ।