ਟੀ. ਵੀ. ਐੱਸ. ਮੋਟਰ ਦੇ ਆਨਰੇਰੀ ਚੇਅਰਮੈਨ ਵੇਣੂ ਸ਼੍ਰੀਨਿਵਾਸਨ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਦੂਸ਼ਣ ਘੱਟ ਕਰਨ ਲਈ ਇਲੈਕਟ੍ਰਿਕ ਵਾਹਨ (ਈ. ਵੀ.) ਹੀ ਇਕੋ-ਇਕ ਹੱਲ ਨਹੀਂ ਹਨ ਅਤੇ ਇਮੀਸ਼ਨ ਘਟਾਉਣ ਦੇ ਯਤਨਾਂ ’ਚ ਵਾਹਨ ਉਦਯੋਗ ਨੂੰ ਟੈਕਨਾਲੋਜੀ-ਨਿਰਪੱਖ ਪਹੁੰਚ ਅਪਣਾਉਣੀ ਚਾਹੀਦੀ ਹੈ। ਸ਼੍ਰੀਨਿਵਾਸਨ ਨੇ ਗੁਣਵੱਤਾ ਪ੍ਰਬੰਧਨ ’ਤੇ ਕੇਂਦ੍ਰਿਤ ‘ਆਈ. ਐੱਫ. ਕਿਊ. ਐੱਮ. ਸੈਮੀਨਾਰ 2026’ ਤੋਂ ਵੱਖਰੇ ਤੌਰ ’ਤੇ ਗੱਲਬਾਤ ’ਚ ਕਿਹਾ, ‘‘ਸਾਨੂੰ ਟੈਕਨਾਲੋਜੀ ਦੇ ਮਾਮਲੇ ’ਚ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਪ੍ਰਦੂਸ਼ਣ, ਗੁਣਵੱਤਾ ਅਤੇ ਵਾਤਾਵਰਣ ਦੇ ਲਿਹਾਜ਼ ਨਾਲ ਦੇਸ਼ ’ਤੇ ਇਸ ਦੇ ਕੁੱਲ ਪ੍ਰਭਾਵ ਨੂੰ ਦੇਖਣਾ ਚਾਹੀਦਾ ਹੈ। ਇਸ ਲਈ, ਈ. ਵੀ. ਹੀ ਇਕੋ-ਇਕ ਹੱਲ ਨਹੀਂ ਹੈ।’’
ਉਨ੍ਹਾਂ ਕਿਹਾ ਕਿ ਈ. ਵੀ. ਨੂੰ ਖਪਤਕਾਰਾਂ ਦੀ ਪਸੰਦ ਦੇ ਆਧਾਰ ’ਚ ਕੁਦਰਤੀ ਤੌਰ ’ਤੇ ਵਧਣ ਦੇਣਾ ਚਾਹੀਦਾ ਹੈ। ਭਾਰਤ ’ਚ ਖਾਸ ਕਰ ਕੇ ਤਿਪਹੀਆ ਅਤੇ ਦੋਪਹੀਆ ਵਾਹਨ ਖੇਤਰ ’ਚ ਈ. ਵੀ. ਦੀ ਵਰਤੋਂ ਵਧ ਰਹੀ ਹੈ।
ਪੈਟਰੋਲ ’ਚ ਇਥੇਨੌਲ ਮਿਲਾਉਣ ਬਾਰੇ ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਨੂੰ ਈਂਧਨ ਦਰਾਮਦ ’ਤੇ ਨਿਰਭਰਤਾ ਘਟਾਉਣ ’ਚ ਮਦਦ ਮਿਲ ਸਕਦੀ ਹੈ ਅਤੇ ਹੁਣ ਤੱਕ ਵਾਹਨਾਂ ਦੇ ਪ੍ਰਦਰਸ਼ਨ ’ਤੇ ਇਸ ਦਾ ਅਸਰ ਬਹੁਤ ਸੀਮਤ ਰਿਹਾ ਹੈ। ਉਨ੍ਹਾਂ ਕਿਹਾ, ‘‘ਪ੍ਰਦਰਸ਼ਨ ’ਚ ਗਿਰਾਵਟ ਬਹੁਤ ਮਾਮੂਲੀ ਹੈ। ਮੈਨੂੰ ਲੱਗਦਾ ਹੈ ਕਿ ਇਸ ਨਾਲ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਆਖਿਰ, ਪੂਰਾ ਬ੍ਰਾਜ਼ੀਲ ਇਥੇਨੌਲ ’ਤੇ ਹੀ ਚੱਲਦਾ ਹੈ।’’