ਨਿਵੇਸ਼ਕਾਂ ਦੀ ਕਮਜ਼ੋਰ ਦਿਲਚਸਪੀ ਅਤੇ ਲੋੜੀਂਦੇ ਯੋਗ ਬੋਲੀਕਾਰਾਂ ਦੀ ਘਾਟ ਕਾਰਨ ਕੇਂਦਰ ਸਰਕਾਰ ਨੇ 7ਵੇਂ ਦੌਰ ਦੇ 19 ਬਲਾਕਾਂ ’ਚੋਂ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੇ 9 ਬਲਾਕਾਂ ਦੀ ਨਿਲਾਮੀ ਰੱਦ ਕਰ ਦਿੱਤੀ ਹੈ। ਖਾਨ ਮੰਤਰਾਲਾ ਅਨੁਸਾਰ, ਮੱਧ ਪ੍ਰਦੇਸ਼ ਦੇ ਮਝੌਲੀ (ਟਾਈਟੇਨੀਅਮ-ਵੈਨੇਡੀਅਮ) ਅਤੇ ਰਾਜਸਥਾਨ ਦੇ ਰੈਮਬ-ਦੇਗਾਨਾ (ਟੰਗਸਟਨ, ਲਿਥੀਅਮ) ਬਲਾਕ ਲਈ ਕੋਈ ਬੋਲੀ ਨਹੀਂ ਮਿਲੀ। ਉੱਥੇ ਹੀ ਬਿਹਾਰ, ਛੱਤੀਸਗੜ੍ਹ ਅਤੇ ਓਡਿਸ਼ਾ ਦੇ 7 ਹੋਰ ਬਲਾਕਾਂ (ਗਲੋਕੋਨਾਈਟ, ਗ੍ਰੇਫਾਈਟ, ਵੈਨੇਡੀਅਮ) ਲਈ 3 ਤੋਂ ਘੱਟ ਬੋਲੀਕਾਰ ਮਿਲੇ।
ਇਸ ਵਾਰ ਪਹਿਲੀ ਵਾਰ ਗੁਜਰਾਤ, ਉੱਤਰਾਖੰਡ ਅਤੇ ਤੇਲੰਗਾਨਾ ਦੇ ਬਲਾਕ ਵੀ ਸ਼ਾਮਲ ਸਨ, ਜਿਨ੍ਹਾਂ ’ਚ ਰੇਅਰ ਅਰਥ ਐਲੀਮੈਂਟ (ਆਰ. ਈ. ਈ.) ਅਤੇ ਰਾਕ ਫਾਸਫੇਟ ਵਰਗੇ ਖਣਿਜ ਸਨ। ਇਹ ਫੈਸਲਾ ਦੇਸ਼ ਦੀ ਊਰਜਾ ਸੁਰੱਖਿਆ ਅਤੇ ਦਰਾਮਦ ਨਿਰਭਰਤਾ ਘਟਾਉਣ ਦੀ ਰਣਨੀਤੀ ਲਈ ਝਟਕਾ ਹੈ। ਇਸ ਤੋਂ ਪਹਿਲਾਂ ਵੀ 6 ਪੜਾਵਾਂ ’ਚ 57 ਬਲਾਕਾਂ ਦੀ ਨਿਲਾਮੀ ਰੱਦ ਹੋ ਚੁੱਕੀ ਹੈ।