ਫਾਜ਼ਿਲਕਾ : ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਤੀਜੇ ਦਿਨ ਅੱਜ ਫਾਜ਼ਿਲਕਾ ਵਿਚ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦੇਸ਼ ਦੇ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਮੇਘਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰਬਾਣੀ ਵੀ ਸਾਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਗੁਰੂਆਂ ਦੀ ਧਰਤੀ 'ਤੇ ਖੜ੍ਹੇ ਹਾਂ, ਜਿਸ ਧਰਤੀ ਨੇ ਸਾਰੀ ਦੁਨੀਆਂ ਨੂੰ ਚੰਗੇ ਰਾਹ 'ਤੇ ਚੱਲਣ ਦੀ ਸਿੱਖਿਆ ਦਿੱਤੀ ਹੈ।
ਮੇਘਵਾਲ ਨੇ 'ਬੋਲੇ ਸੋ ਨਿਹਾਲ' ਦੇ ਜੈਕਾਰੇ ਤੇ ਫ਼ਤਹਿ ਦੀ ਸਾਂਝ ਪਾਉਂਦਿਆਂ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ, ਪਰ ਕੁਝ ਲੋਕ ਇਸ ਨੂੰ ਸਿਆਸਤ ਦੇ ਨਜ਼ਰੀਏ ਨਾਲ ਵੇਖ ਰਹੇ ਹਨ, ਜਦਕਿ ਇਹ ਸਮਾਜਿਕ ਸੁਧਾਰ ਤੇ ਪੰਜਾਬ ਨੂੰ ਬਚਾਉਣ, ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਅਤੇ ਪੰਜਾਬ ਨੂੰ ਵਿਕਸਿਤ ਪੰਜਾਬ ਬਣਾਉਣ ਦਾ ਪ੍ਰੋਗਰਾਮ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਵੇਲੇ ਸਰਕਾਰ ਨੇ ਸਾਰਾ ਢਾਂਚਾ ਹੀ ਖ਼ਰਾਬ ਕਰ ਕੇ ਰੱਖ ਦਿੱਤਾ ਹੈ, ਜਿਸ ਵਿਚ ਪੁਲਸ ਦੇ ਕਈ ਮੁਲਾਜ਼ਮ ਵੀ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹੋ ਚੁੱਕੇ ਹਨ।
ਕਾਨੂੰਨ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਕਬੀਰਦਾਸ ਜੀ ਅਤੇ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ ਵੀ ਦੱਸੇ ਤੇ ਕੁਝ ਸ਼ਬਦਾਂ ਦਾ ਗਾਇਨ ਵੀ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਨਾਲ ਸਾਡਾ ਵਿਵੇਕ ਖ਼ਰਾਬ ਹੋ ਜਾਂਦਾ ਹੈਤੇ ਅਸੀਂ ਸਹੀ ਫ਼ੈਸਲੇ ਨਹੀਂ ਲੈ ਪਾਉਂਦੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਸ਼ੇ ਨੂੰ ਦੂਰ ਕਰਨ ਲਈ ਜਨਤਾ ਦੇ ਨਾਲ ਖੜ੍ਹੀ ਹੈ।