ਆਪਣੇ ਬੇਬਾਕ ਬੋਲਾਂ ਲਈ ਜਾਣੇ ਜਾਂਦੇ ਮਸ਼ਹੂਰ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਦਿਲਜੀਤ ਵੱਲੋਂ ਫਿਲਮ 'ਬਾਰਡਰ 2' ਦੀ ਪ੍ਰਮੋਸ਼ਨ ਨਾ ਕਰਨ ਅਤੇ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਫਿਲਮ 'ਸਰਦਾਰਜੀ-3' ਨੂੰ ਪ੍ਰਮੋਟ ਕਰਨ ਨੂੰ ਲੈ ਕੇ ਨਾਰਾਜ਼ਗੀ ਜਾਹਰ ਕੀਤੀ ਹੈ। ਇਸ ਦੌਰਾਨ ਜਦੋਂ ਮੀਕਾ ਨੂੰ ਪੁੱਛਿਆ ਗਿਆ ਕਿ ਉਹ ਦਿਲਜੀਤ ਬਾਰੇ ਇਹ ਸਭ ਬੋਲ ਰਹੇ ਹਨ ਪਰ ਉਹ ਖੁਦ ਪਾਕਿਸਤਾਨ ਗਏ ਸਨ।
ਇਸ ਦਾ ਜਵਾਬ ਦਿੰਦਿਆਂ ਮੀਕਾ ਨੇ ਕਿਹਾ, 'ਜਦੋਂ ਮੈਂ ਪਾਕਿਸਤਾਨ ਗਿਆ ਸੀ, ਉਦੋਂ ਹਾਲਾਤ ਬਹੁਤ ਚੰਗੇ ਸਨ। ਉਸ ਤੋਂ ਬਾਅਦ ਉੜੀ ਹਮਲਾ ਹੋਇਆ ਸੀ ਅਤੇ ਦੂਜੀ ਗੱਲ, ਕੀ ਸਰਕਾਰ ਤੁਹਾਨੂੰ ਪਾਕਿਸਤਾਨ ਜਾਣ ਤੋਂ ਰੋਕ ਰਹੀ ਹੈ? ਦੱਸੋ। ਜੇ ਤੁਸੀਂ ਜਾਓਗੇ ਤਾਂ ਵੀਜ਼ਾ ਲੈ ਕੇ ਹੀ ਜਾਓਗੇ, ਲੁੱਕ ਕੇ ਤਾਂ ਨਹੀਂ ਜਾਓਗੇ। ਪਾਕਿਸਤਾਨ ਜਾ ਰਿਹਾ ਹਾਂ। ਫਲਾਈਟ ਰਾਹੀਂ ਜਾ ਰਿਹਾ ਹਾਂ। ਪੂਰੀ ਦੁਨੀਆ ਵੇਖ ਰਹੀ ਹੈ ਅਤੇ ਕਿਤੇ ਨਹੀਂ ਲਿਖਿਆ ਕਿ ਤੁਸੀਂ ਪਰਫਾਰਮ ਨਾ ਕਰੋ।'
ਗਾਇਕ ਨੇ ਅੱਗੇ ਕਿਹਾ, "ਜੇਕਰ ਤੁਸੀਂ ਉੱਥੇ ਕਿਸੇ ਨਿੱਜੀ ਸਮਾਗਮ ਵਿੱਚ ਪਰਫਾਰਮ ਕਰਨ ਜਾ ਰਹੇ ਹੋ ਅਤੇ ਚਾਰ ਪੈਸੇ ਲੈ ਕੇ ਭਾਰਤ ਆ ਰਹੇ ਹੋ, ਤਾਂ ਟੈਕਸ ਭਾਰਤ ਵਿੱਚ ਹੀ ਜਾ ਰਿਹਾ ਹੈ। ਜਦੋਂ ਉਹ ਇੱਥੇ ਪਰਫਾਰਮ ਕਰਨ ਲਈ ਆਉਂਦੇ ਹਨ, ਤਾਂ ਤੁਹਾਨੂੰ ਕੋਈ ਸਮੱਸਿਆ ਨਹੀਂ ਹੈ। ਸਾਰੇ ਖੜ੍ਹੇ ਹੋ ਜਾਂਦੇ ਹਨ, ਪੂਰੀ ਬਾਲੀਵੁੱਡ ਇੰਡਸਟਰੀ ਉਨ੍ਹਾਂ ਦੇ ਹੱਥ ਚੁੰਮਦੀ ਹੈ। ਮੈਨੂੰ ਪਾਕਿਸਤਾਨੀ ਗਾਇਕਾਂ ਨਾਲ ਕੋਈ ਸਮੱਸਿਆ ਨਹੀਂ ਹੈ। ਪਰ ਜੇਕਰ ਪਾਕਿਸਤਾਨ ਦੇ ਲੋਕ ਮੈਨੂੰ ਸਤਿਕਾਰ ਦੇ ਰਹੇ ਹਨ, ਤਾਂ ਸਾਨੂੰ ਖੁਸ਼ ਹੋਣਾ ਚਾਹੀਦਾ ਹੈ।"
ਪਾਕਿਸਤਾਨ ਨਾਲ ਆਪਣੇ ਲਗਾਅ ਬਾਰੇ ਗੱਲ ਕਰਦਿਆਂ ਮੀਕਾ ਨੇ ਕਿਹਾ, ਇਸ ਪਿੱਛੇ ਇੱਕ ਬਹੁਤ ਹੀ ਭਾਵਨਾਤਮਕ ਕਹਾਣੀ ਹੈ। ਦਰਅਸਲ, ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਹੈ। ਪੰਜਾ ਸਾਹਿਬ ਵੀ ਹੈ। ਇਸ ਲਈ, ਜਦੋਂ ਵੀ ਮੈਨੂੰ ਪਾਕਿਸਤਾਨ ਤੋਂ ਸੱਦਾ ਆਉਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਗੁਰਦੁਆਰੇ ਤੋਂ ਹੀ ਆਵਾਜ਼ ਆਈ ਹੈ ਕਿ, ਚੱਲ ਪੁੱਤ, ਆਜਾ ਮੱਥਾ ਟੇਕ। ਜਦੋਂ ਮੈਂ ਕਿਸੇ ਸ਼ੋਅ ਲਈ ਜੰਮੂ ਜਾਂਦਾ ਹਾਂ, ਤਾਂ ਮੈਂ ਸੋਚਦਾ ਹਾਂ ਕਿ ਮਾਤਾ ਵੈਸ਼ਨੋ ਦੇਵੀ ਨੇ ਹੀ ਮੈਨੂੰ ਇੱਥੇ ਬੁਲਾਇਆ ਹੈ। ਇਹੀ ਮੇਰੀ ਸੋਚ ਹੈ।"
ਆਪਣੀ ਗੱਲ ਜਾਰੀ ਰੱਖਦੇ ਹੋਏ, ਉਨ੍ਹਾਂ ਅੱਗੇ ਕਿਹਾ, "ਮੇਰਾ ਵਿਸ਼ਵਾਸ ਕਰੋ, ਜਦੋਂ ਮੈਂ ਪਾਕਿਸਤਾਨ ਗਿਆ, ਤਾਂ ਉੱਥੇ ਗੁਰਦੁਆਰੇ ਵਿੱਚ ਬਹੁਤ ਸਾਰੇ ਮੁਸਲਮਾਨ, ਜੋ ਸਾਡੇ ਭਰਾ ਹਨ, ਸੇਵਾ ਅਤੇ ਸਫਾਈ ਕਰਦੇ ਹਨ। ਸਿੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਨ। ਉਨ੍ਹਾਂ ਵਿੱਚ ਵੀ 4 ਲਾਵਾਂ ਲੈਂਦੇ ਹਨ। ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਤਾਂ ਮੁਸਲਮਾਨਾਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਹਨ, ਉਨ੍ਹਾਂ ਨੇ ਇੱਕ ਦਰਗਾਹ ਬਣਾਉਣ ਦੀ ਕੋਸ਼ਿਸ਼ ਵੀ ਕੀਤੀ, ਇਹ ਕਹਿੰਦੇ ਹੋਏ ਕਿ ਉਹ ਉਨ੍ਹਾਂ ਦੇ ਪੀਰ ਬਾਬਾ ਹਨ। ਹਿੰਦੂਆਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਹਨ, ਸਿੱਖਾਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਹਨ। ਇਸ ਲਈ ਪਾਕਿਸਤਾਨ ਨਾਲ ਮੇਰਾ ਲਗਾਅ ਹੈ।" ਖੈਰ, ਪਾਕਿਸਤਾਨ ਬੁਰਾ ਨਹੀਂ ਹੈ। ਪਾਕਿਸਤਾਨ ਦੇ ਲੋਕ ਬਿਲਕੁਲ ਵੀ ਮਾੜੇ ਨਹੀਂ ਹਨ। ਪਤਾ ਨਹੀਂ ਕਿਉਂ ਲੋਕ ਪਾਕਿਸਤਾਨੀ ਮੁਸਲਮਾਨਾਂ ਨੂੰ ਬੁਰਾ ਸਮਝਦੇ ਹਨ ਪਰ ਉਨ੍ਹਾਂ ਨੂੰ ਦੁਬਈ ਦੇ ਮੁਸਲਮਾਨ ਬਹੁਤ ਚੰਗੇ ਲੱਗਦੇ ਹਨ। ਮੈਨੂੰ ਅਜੇ ਵੀ ਇਹ ਗੱਲ ਸਮਝ ਨਹੀਂ ਆਈ।