ਮੁੰਬਈ : ਨਿਰਦੇਸ਼ਕ ਕੁਕੂ ਕੋਹਲੀ ਦਾ ਮੰਗਲਵਾਰ ਨੂੰ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰਜ਼ ਐਸੋਸੀਏਸ਼ਨ (IMPPA) ਦੇ ਪ੍ਰਧਾਨ ਅਭੈ ਸਿਨਹਾ ਨੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਅਭੈ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖਬਰ ਹੈ। ਨਿਰਦੇਸ਼ਕ ਕੁਕੂ ਕੋਹਲੀ ਦਾ ਅੱਜ ਕੋਕੀਲਾਬੇਨ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਸ਼ਾਂਤੀ ਦੇਣ"। ਨਿਰਮਾਤਾ-ਨਿਰਦੇਸ਼ਕ ਅਸ਼ੋਕ ਪੰਡਿਤ ਨੇ ਆਪਣੇ ਇੰਸਟਾਗ੍ਰਾਮ 'ਤੇ ਮਰਹੂਮ ਨਿਰਦੇਸ਼ਕ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਤੁਹਾਡੀ ਯਾਦ ਆਵੇਗੀ ਕੁਕੂ ਜੀ। ਓਮ ਸ਼ਾਂਤੀ"।
ਦੱਸਿਆ ਜਾ ਰਿਹਾ ਹੈ ਕਿ ਕੁਕੂ ਕੋਹਲੀ ਨੂੰ 2 ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਆਪਣੇ ਪਿੱਛੇ ਪਤਨੀ, ਅਦਾਕਾਰਾ ਅਰੁਣਾ ਈਰਾਨੀ ਅਤੇ ਪਹਿਲੇ ਵਿਆਹ ਰੀਟਾ ਕੋਹਲੀ ਤੋਂ 2 ਬੱਚੇ, ਪੂਜਾ ਅਤੇ ਕਰਿਸ਼ਮਾ ਨੂੰ ਛੱਡ ਗਏ ਹਨ। ਉਨ੍ਹਾਂ ਨੇ 1991 ਵਿੱਚ 'ਫੂਲ ਔਰ ਕਾਂਟੇ' ਨਾਲ ਨਿਰਦੇਸ਼ਨ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨਾਲ ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਨੇ ਡੈਬਿਊ ਕੀਤਾ ਸੀ ਅਤੇ ਇਸ ਵਿੱਚ ਅਰੁਣਾ ਈਰਾਨੀ ਵੀ ਸੀ।
ਨਿਰਦੇਸ਼ਕ ਕੁੱਕੂ ਕੋਹਲੀ ਨੇ ਆਪਣੇ ਕਰੀਅਰ ਦੌਰਾਨ 8 ਫੀਚਰ ਫਿਲਮਾਂ ਦਾ ਨਿਰਦੇਸ਼ਨ ਕੀਤਾ, ਜਿਨ੍ਹਾਂ ਵਿੱਚ ਫੂਲ ਔਰ ਕਾਂਟੇ (1991), ਕੋਹਰਾਮ (1991) ਸੁਹਾਗ (1994), ਹਕੀਕਤ (1995), ਅਨਾੜੀ ਨੰਬਰ 1 (1999), ਜ਼ੁਲਮੀ (1999), ਯੇ ਦਿਲ ਆਸ਼ਿਕਨਾ (2002) ਅਤੇ ਵੋਹ ਤੇਰਾ ਨਾਮ ਥਾ (2004) ਵਰਗੀਆਂ ਫਿਲਮਾਂ ਸ਼ਾਮਲ ਹਨ। ਹਾਲਾਂਕਿ ਸਮੇਂ ਦੇ ਨਾਲ ਉਨ੍ਹਾਂ ਦੀ ਨਿਰਦੇਸ਼ਿਤ ਕੀਤੀਆਂ ਗਈਆਂ ਫਿਲਮਾਂ ਦੀ ਗਿਣਤੀ ਘੱਟ ਹੁੰਦੀ ਗਈ, ਪਰ ਕੋਹਲੀ ਬਾਲੀਵੁੱਡ ਦੇ ਉਸ ਦੌਰ ਨਾਲ ਜੁੜੇ ਰਹੇ, ਜਦੋਂ ਇੰਸਟਰੀ ਵਿੱਚ ਸੰਗੀਤ-ਸੰਚਾਲਿਤ ਰੋਮਾਂਟਿਕ ਡਰਾਮਾ ਅਤੇ ਐਕਸ਼ਨ ਮਨੋਰੰਜਨ ਫਿਲਮਾਂ ਦਾ ਬੋਲਬਾਲਾ ਸੀ। ਉਸਦੇ ਕੰਮ ਨੇ ਹਿੰਦੀ ਸਿਨੇਮਾ ਵਿੱਚ ਕਈ ਪ੍ਰਮੁੱਖ ਕਰੀਅਰ ਲਾਂਚ ਕਰਨ ਅਤੇ ਆਕਾਰ ਦੇਣ ਵਿੱਚ ਮਦਦ ਕੀਤੀ।