ਪੰਜਾਬੀ ਸਿਨੇਮਾ ਦੇ ਉੱਘੇ ਅਦਾਕਾਰ ਅਤੇ ਗਾਇਕ ਤਰਸੇਮ ਜੱਸੜ ਦੀ ਆਉਣ ਵਾਲੀ ਨਵੀਂ ਫਿਲਮ 'ਦਸਤਾਰ' ਨੂੰ ਸੈਂਸਰ ਬੋਰਡ ਤੋਂ ਮਨਜ਼ੂਰੀ ਮਿਲ ਗਈ, ਜਿਸ ਨਾਲ ਫਿਲਮ ਹੁਣ ਭਾਰਤ ਵਿਚ ਆਪਣੀ ਤੈਅ ਰਿਲੀਜ਼ ਤਰੀਕ ਮੁਤਾਬਕ 17 ਜੁਲਾਈ ਨੂੰ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਇਸ ਫਿਲਮ ਨੂੰ ਭਾਰਤ ਵਿਚ ਰਿਲੀਜ਼ ਲਈ ਸੈਂਸਰ ਬੋਰਡ ਤੋਂ ਕਲੀਅਰੈਂਸ ਸਰਟੀਫਿਕੇਟ ਨਹੀਂ ਮਿਲਿਆ ਹੈ, ਜਿਸ ਕਾਰਨ ਇਸ ਦੀ ਰਿਲੀਜ਼ ਵਿੱਚ ਦੇਰੀ ਹੋ ਸਕਦੀ ਹੈ। ਹਾਲਾਂਕਿ ਹੁਣ ਸੈਂਸਰ ਨੇ ਇਸ ਫਿਲਮ ਨੂੰ ਪਾਸ ਕਰ ਦਿੱਤਾ ਹੈ, ਜਿਸ ਨਾਲ ਇਸ ਫਿਲਮ ਦੀ ਰਿਲੀਜ਼ ਦਾ ਰਸਤਾ ਸਾਫ ਹੋ ਗਿਆ।
ਦੱਸ ਦੇਈਏ ਕਿ ਫਿਲਮ ਵਿੱਚ ਤਰਸੇਮ ਜੱਸੜ ਮੁੱਖ ਭੂਮਿਕਾ ਵਿੱਚ ਹਨ। ਉਨ੍ਹਾਂ ਦੇ ਨਾਲ ਯੋਗਰਾਜ ਸਿੰਘ ਪਿਤਾ ਦੇ ਕਿਰਦਾਰ ਵਿੱਚ ਅਤੇ ਸਰਬਜੀਤ ਚੀਮਾ ਵੱਡੇ ਭਰਾ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਜੇਕਰ ਸੰਗੀਤ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਕੁੱਲ ਪੰਜ ਗੀਤ ਹਨ, ਜਿਨ੍ਹਾਂ ਵਿੱਚੋਂ ਤਿੰਨ ਫਿਲਮ ਦੇ ਅੰਦਰ ਚੱਲਣਗੇ ਅਤੇ ਦੋ ਪ੍ਰਮੋਸ਼ਨਲ ਹਨ। ਇਨ੍ਹਾਂ ਗੀਤਾਂ ਨੂੰ ਕਮਲ ਖਾਨ, ਸ਼ੈਰੀ ਮਾਨ, ਜੋਰਡਨ ਸੰਧੂ ਅਤੇ ਹਿੰਮਤ ਸੰਧੂ ਵਰਗੇ ਨਾਮਵਰ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ।