ਸਾਹਿਬਜ਼ਾਦਾ ਅਜੀਤ ਸਿਘ ਨਗਰ : ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐੱਸ.ਏ.ਐੱਸ.ਨਗਰ, ਸ੍ਰੀ ਹਰਮਨਦੀਪ ਸਿੰਘ ਹਾਂਸ, ਕਪਤਾਨ ਪੁਲਿਸ ਟ੍ਰੈਫਿਕ ਸ੍ਰੀ ਨਵਨੀਤ ਸਿੰਘ ਮਾਹਲ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਉਪ ਕਪਤਾਨ ਪੁਲਿਸ, ਟ੍ਰੈਫਿਕ, ਕਰਨੈਲ ਸਿੰਘ ਵੱਲੋਂ 25 ਫਰਵਰੀ ਨੂੰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਸਕੂਲੀ ਬੱਸਾਂ ਵਿੱਚ ਕੈਮਰਿਆਂ, ਫਾਇਰ ਸਿਲੰਡਰ, ਫਸਟ ਏਡ ਬਾਕਸ ਆਦਿ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਬੱਸਾਂ ਵਿੱਚ ਖਾਮੀਆਂ ਪਾਈਆਂ ਗਈਆ, ਉਨ੍ਹਾਂ ਸਕੂਲੀ ਬੱਸਾਂ ਤੇ ਟ੍ਰੈਫਿਕ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਗਈ।
ਇਸ ਚੈਕਿੰਗ ਦਾ ਮੁੱਖ ਉਦੇਸ਼ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹੋਏ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਚੈਕਿੰਗ ਦੌਰਾਨ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਹਦਾਇਤ ਕੀਤੀ ਗਈ ਕਿ ਸਕੂਲੀ ਬੱਸਾਂ ਨੂੰ ਨਿਰਧਾਰਿਤ ਕੀਤੀ ਗਈ ਗਤੀ ਤੋਂ ਵੱਧ ਨਾ ਚਲਾਇਆ ਜਾਵੇ।
ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ ਡੀ.ਐਸ.ਪੀ ਟ੍ਰੈਫਿਕ ਨੇ ਸਕੂਲੀ ਬੱਚਿਆਂ ਨਾਲ ਵਾਰਤਾਲਾਪ ਕਰਦੇ ਹੋਏ, ਸਕੂਲੀ ਬੱਚਿਆਂ ਨੂੰ ਦੱਸਿਆ ਕਿ ਜੇਕਰ ਤੁਹਾਡੀ ਬੱਸ ਦਾ ਡਰਾਈਵਰ ਸਕੂਲੀ ਬੱਸ ਨੂੰ ਓਵਰ ਸਪੀਡ ਜਾਂ ਗਲਤ ਸਾਈਡ ਤੇ ਚਲਾਉਦਾਂ ਹੈ, ਤਾਂ ਤੁਸੀ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਜਾ ਸੀਨੀਅਰ ਅਧਿਆਪਕਾਂ ਨੂੰ ਇਸ ਸਬੰਧੀ ਸੂਚਨਾ ਦਿਓ ਤਾਂ ਜੋ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।